JavaScript is required
Teenager using 3D immersive headgear.

VCE VM ਦੇ ਮੁੱਖ ਵਿਸ਼ੇ (VCE VM Core Subjects) - ਪੰਜਾਬੀ (Punjabi)

VCE ਵੋਕੇਸ਼ਨਲ ਮੇਜਰ ਵਿੱਚ ਇਹ 4 ਮੁੱਖ ਵਿਸ਼ੇ ਹਨ।

2025 ਤੋਂ, ਸਕੂਲ ਸਿਰਫ਼ VCE ਵੋਕੇਸ਼ਨਲ ਮੇਜਰ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਜਨਰਲ VCE ਵਿਦਿਆਰਥੀਆਂ ਨੂੰ VM ਕੰਮ ਨਾਲ ਸੰਬੰਧਿਤ ਹੁਨਰ ਅਤੇ VM ਨਿੱਜੀ ਵਿਕਾਸ ਹੁਨਰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਕਰਨ ਦੇ ਯੋਗ ਹੋਣਗੇ।

ਸਾਖਰਤਾ ਅਤੇ ਸੰਖਿਆ-ਗਿਆਨ ਤਾਂ ਹੀ ਉਪਲਬਧ ਹਨ ਜੇਕਰ ਤੁਸੀਂ ਸੰਪੂਰਨ VCE ਵੋਕੇਸ਼ਨਲ ਮੇਜਰ ਪ੍ਰੋਗਰਾਮ ਕਰਨਾ ਚੁਣਦੇ ਹੋ।

ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ

ਕੰਮ ਨਾਲ ਸੰਬੰਧਿਤ ਹੁਨਰ

ਇਹ ਵਿਸ਼ਾ ਤੁਹਾਨੂੰ ਕੰਮ ਅਤੇ ਪੜ੍ਹਾਈ ਦੀ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਸਫ਼ਲ ਹੋਣ ਵਿੱਚ ਮੱਦਦ ਕਰਦਾ ਹੈ। ਤੁਸੀਂ ਵੱਖ-ਵੱਖ ਕੈਰੀਅਰ ਵਿਕਲਪਾਂ ਦੀ ਪੜਚੋਲ ਕਰੋਗੇ, ਇੱਕ ਕੈਰੀਅਰ ਐਕਸ਼ਨ ਪਲਾਨ ਬਣਾਓਗੇ, ਅਤੇ ਨੌਕਰੀ ਲੱਭਣ ਦੇ ਹੁਨਰਾਂ ਦਾ ਨਿਰਮਾਣ ਕਰੋਗੇ।

ਤੁਸੀਂ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਸਥਾਨਾਂ, ਕੰਮ 'ਤੇ ਤੁਹਾਡੇ ਅਧਿਕਾਰਾਂ, ਅਤੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਕੰਮ ਕਰਦੇ ਹੋ ਉਨ੍ਹਾਂ ਦੀ ਸਹਾਇਤਾ ਕਿਵੇਂ ਕਰਨੀ ਹੈ, ਬਾਰੇ ਸਿੱਖੋਗੇ। ਤੁਸੀਂ ਸੰਚਾਰ ਅਤੇ ਟੀਮ ਵਰਕ ਦੇ ਹੁਨਰਾਂ ਦਾ ਨਿਰਮਾਣ ਕਰੋਗੇ ਅਤੇ ਇਸ ਬਾਰੇ ਸਿੱਖੋਗੇ ਕਿ ਕੰਮ ਵਾਲੀ ਥਾਂ ਦੇ ਮਹੱਤਵਪੂਰਨ ਸੰਬੰਧਾਂ ਲਈ ਕਿਵੇਂ ਸੌਦੇਬਾਜ਼ੀ ਕਰਨੀ ਹੈ।

ਤੁਸੀਂ ਆਪਣੀਆਂ ਨਿੱਜੀ ਖੂਬੀਆਂ ਦੀ ਪਛਾਣ ਵੀ ਕਰੋਗੇ ਅਤੇ ਸਿੱਖੋਗੇ ਕਿ ਅਰਜ਼ੀਆਂ ਅਤੇ ਇੰਟਰਵਿਊਆਂ ਵਿੱਚ ਇਹਨਾਂ ਦਾ ਪ੍ਰਚਾਰ ਕਿਵੇਂ ਕਰਨਾ ਹੈ। ਤੁਸੀਂ ਅੱਗੇ ਦੀ ਸਿੱਖਿਆ ਅਤੇ ਨੌਕਰੀ ਦੀਆਂ ਅਰਜ਼ੀਆਂ ਦੇਣ ਲਈ ਇੱਕ ਪੇਸ਼ੇਵਰ ਪੋਰਟਫੋਲੀਓ ਬਣਾਓਗੇ।

ਨਿੱਜੀ ਵਿਕਾਸ ਹੁਨਰ

ਇਸ ਵਿਸ਼ੇ ਵਿੱਚ, ਤੁਸੀਂ ਸਿੱਖੋਗੇ ਕਿ ਆਪਣੇ ਭਾਈਚਾਰੇ ਵਿੱਚ ਇੱਕ ਸਰਗਰਮ ਭੂਮਿਕਾ ਕਿਵੇਂ ਨਿਭਾਉਣੀ ਹੈ। ਤੁਸੀਂ ਆਪਣੀ ਪਛਾਣ ਅਤੇ ਸੰਸਾਰ ਵਿੱਚ ਤੁਹਾਡੇ ਸਥਾਨ ਦੀ ਡੂੰਘੀ ਸਮਝ ਅਤੇ ਭਾਵਨਾ ਵੀ ਪੈਦਾ ਕਰੋਗੇ।

ਤੁਸੀਂ ਇਹ ਪੜਚੋਲ ਕਰੋਗੇ ਕਿ ਸਥਾਨਕ, ਰਾਸ਼ਟਰੀ ਅਤੇ ਗਲੋਬਲ ਪੈਮਾਨੇ 'ਤੇ ਭਾਈਚਾਰੇ ਕਿਵੇਂ ਇਕੱਠੇ ਕੰਮ ਕਰਦੇ ਹਨ। ਤੁਸੀਂ ਇਸ ਨੂੰ ਦੂਜੇ ਵਿਦਿਆਰਥੀਆਂ ਦੇ ਨਾਲ ਇੱਕ ਗਰੁੱਪ ਵਿੱਚ, ਆਪਣੇ ਖੁਦ ਦੇ ਭਾਈਚਾਰੇ ਦੀ ਮੱਦਦ ਕਰਨ ਲਈ ਇੱਕ ਪ੍ਰੋਜੈਕਟ ਦੀ ਯੋਜਨਾ ਬਣਾ ਕੇ ਲਾਗੂ ਕਰੋਗੇ।

ਇਹ ਵਿਸ਼ਾ ਤੁਹਾਡੀ ਭਾਵਨਾਤਮਕ ਬੁੱਧੀ, ਸਮਾਜਿਕ ਜਾਗਰੂਕਤਾ, ਅਤੇ ਲੀਡਰਸ਼ਿਪ ਗੁਣਾਂ ਨੂੰ ਸਿੱਖਣ ਅਤੇ ਬਣਾਉਣ ਵਿੱਚ ਤੁਹਾਡੀ ਮੱਦਦ ਕਰੇਗਾ। ਇਹ ਰਿਸ਼ਤਿਆਂ ਦੇ ਹੁਨਰ ਤੁਹਾਨੂੰ ਕੰਮ ਵਾਲੀ ਥਾਂ, ਯੂਨੀਵਰਸਿਟੀ ਜਾਂ TAFE ਵਰਗੀ ਹੋਰ ਸਿਖਲਾਈ ਵਿੱਚ, ਅਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਮੱਦਦ ਕਰਨਗੇ।

ਸਾਖਰਤਾ

ਇਸ ਵਿਸ਼ੇ ਵਿੱਚ, ਤੁਸੀਂ ਵਿਭਿੰਨ ਸਥਿਤੀਆਂ ਵਿੱਚ ਆਪਣੇ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੇ ਹੁਨਰ ਵਿੱਚ ਸੁਧਾਰ ਕਰੋਗੇ, ਤਾਂ ਜੋ ਤੁਸੀਂ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਕੱਠਾ ਅਤੇ ਸਾਂਝਾ ਕਰ ਸਕੋ।

ਤੁਸੀਂ ਪ੍ਰਭਾਵੀ ਸੰਚਾਰਾਂ ਨੂੰ ਸਮਝਣ ਅਤੇ ਬਣਾਉਣ ਦੀ ਤੁਹਾਡੀ ਯੋਗਤਾ ਵਿੱਚ ਸੁਧਾਰ ਕਰਦੇ ਹੋਏ, ਪ੍ਰਿੰਟ, ਵਿਜ਼ੂਅਲ, ਸਪੋਕਨ, ਡਿਜ਼ੀਟਲ ਅਤੇ ਮਲਟੀਮੀਡੀਆ ਜਾਣਕਾਰੀ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਕਰੋਗੇ।

ਇਹ ਵਿਸ਼ਾ ਤੁਹਾਡੇ ਲਿਖਤੀ ਅਤੇ ਬੋਲਣ ਦੇ ਸੰਚਾਰ ਹੁਨਰਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ। ਇਹ ਤੁਹਾਨੂੰ ਕੰਮ ਸਮੇਤ ਕਈ ਤਰ੍ਹਾਂ ਦੀਆਂ ਸੈਟਿੰਗਾਂ ਵਿੱਚ ਕਾਮਯਾਬ ਹੋਣ ਲਈ ਤਿਆਰ ਕਰੇਗਾ।

ਸੰਖਿਆ-ਗਿਆਨ

ਇਸ ਵਿਸ਼ੇ ਵਿੱਚ, ਤੁਸੀਂ ਤਰਕਸ਼ੀਲ ਸੋਚ ਅਤੇ ਤਰਕ, ਅਤੇ ਰੋਜ਼ਾਨਾ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਦਾ ਵਿਕਾਸ ਕਰੋਗੇ। ਤੁਸੀਂ ਗਣਿਤ ਦੇ ਸਿਧਾਂਤ, ਸੰਖਿਆਵਾਂ, ਮਾਪ, ਆਕਾਰ ਅਤੇ ਡੇਟਾ ਦੀ ਪੜਚੋਲ ਕਰੋਗੇ।

ਤੁਸੀਂ ਆਪਣੇ ਸੰਖਿਆ-ਗਿਆਨ ਦੇ ਹੁਨਰ ਨੂੰ ਮਜ਼ਬੂਤ ਕਰੋਗੇ ਅਤੇ ਇਸਨੂੰ ਅਸਲ-ਸੰਸਾਰ ਦੀਆਂ ਸਥਿਤੀਆਂ 'ਤੇ ਲਾਗੂ ਕਰੋਗੇ। ਤੁਸੀਂ ਇਸ ਗਿਆਨ ਨੂੰ ਰੋਜ਼ਾਨਾ ਦੇ ਕੰਮਾਂ, ਨੌਕਰੀ ਅਤੇ ਸਮਾਜ ਵਿੱਚ ਲਾਗੂ ਕਰਨਾ ਸਿੱਖੋਗੇ।

ਸੰਖਿਆ-ਗਿਆਨ ਤੁਹਾਨੂੰ ਜੀਵਨ ਦੇ ਬਹੁਤ ਸਾਰੇ ਮਹੱਤਵਪੂਰਨ ਹਿੱਸਿਆਂ ਲਈ ਤਿਆਰ ਕਰੇਗੀ, ਜਿਵੇਂ ਕਿ ਨਿੱਜੀ ਬਜਟ, ਖ਼ਰੀਦ ਵਿਕਲਪਾਂ ਦੀ ਤੁਲਨਾ ਕਰਨਾ, ਟੈਕਸ ਸ਼ਰਤਾਂ ਨੂੰ ਪੂਰਾ ਕਰਨਾ ਅਤੇ ਯੋਜਨਾਬੰਦੀ।

ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ, VET)

ਹਰ VCE ਵੋਕੇਸ਼ਨਲ ਮੇਜਰ ਵਿਦਿਆਰਥੀ ਆਪਣੇ ਪ੍ਰੋਗਰਾਮ ਵਿੱਚ VET ਵੀ ਸ਼ਾਮਲ ਕਰਦਾ ਹੈ। ਇਹ ਤੁਹਾਨੂੰ ਉਸ ਉਦਯੋਗ ਵਿੱਚ ਵਿਹਾਰਕ ਹੁਨਰ ਦਿੰਦਾ ਹੈ ਜਿਸ ਵਿੱਚ ਤੁਸੀਂ ਰੁਚੀ ਰੱਖਦੇ ਹੋ ਅਤੇ ਤੁਹਾਨੂੰ ਤੁਹਾਡੇ ਕੈਰੀਅਰ ਮਾਰਗ 'ਤੇ ਸ਼ੁਰੂਆਤ ਦਿੰਦਾ ਹੈ।

Updated