ਫ੍ਰੀ ਕਿੰਡਰ ਜੀਵਨ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਕਰਨ ਲਈ ਹਰ ਵਿਕਟੋਰੀਆਈ ਬੱਚੇ ਦੀ ਕਿਵੇਂ ਸਹਾਇਤਾ ਕਰਦਾ ਹੈ
ਕਿੰਡਰ ਦੇ ਲਾਭ
ਕਿੰਡਰ, ਜਿਸ ਨੂੰ 'ਕਿੰਡਰਗਾਰਟਨ' ਜਾਂ 'ਅਰਲੀ ਚਾਈਲਡਹੁੱਡ ਐਜੂਕੇਸ਼ਨ' ਵੀ ਕਿਹਾ ਜਾਂਦਾ ਹੈ, ਤੁਹਾਡੇ ਬੱਚੇ ਦੇ ਵਿਕਾਸ ਅਤੇ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਆਪਣੇ ਬੱਚਿਆਂ ਨੂੰ ਦੋ ਸਾਲਾਂ ਲਈ ਕਿਸੇ ਕਿੰਡਰ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਨਾਲ ਉਹਨਾਂ ਦੇ ਹੁਨਰਾਂ ਨੂੰ ਵਿਕਸਿਤ ਕਰਨ ਵਿੱਚ ਮੱਦਦ ਮਿਲ ਸਕਦੀ ਹੈ ਤਾਂ ਜੋ ਉਹ ਜੀਵਨ ਅਤੇ ਸਕੂਲ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ।
ਕਿੰਡਰਗਾਰਟਨ ਦੇ ਘੰਟੇ:
ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ ਹਰ ਹਫ਼ਤੇ 5 ਤੋਂ 15 ਘੰਟਿਆਂ ਦੇ ਵਿਚਕਾਰ ਹੁੰਦੇ ਹਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ 15 ਘੰਟਿਆਂ ਲਈ ਹੁੰਦੇ ਹਨ।
ਸਾਬਤ ਹੋ ਚੁੱਕੇ ਨਤੀਜੇ:
ਜੋ ਬੱਚੇ ਕਿੰਡਰ ਪ੍ਰੋਗਰਾਮ ਵਿੱਚ ਜਾਂਦੇ ਹਨ ਉਹ ਇਸ ਤਰ੍ਹਾਂ ਦੇ ਹੁਨਰ ਵਿਕਸਿਤ ਕਰਨਾ ਸ਼ੁਰੂ ਕਰਦੇ ਹਨ ਜਿਵੇਂ ਕਿ ਅੰਕਾਂ ਨੂੰ ਕਿਵੇਂ ਗਿਣਨਾ ਅਤੇ ਅਤੇ ਅੱਖਰਾਂ ਨੂੰ ਕਿਵੇਂ ਪਛਾਣਨਾ ਹੈ, ਅਤੇ ਸਵਾਲਾਂ ਨੂੰ ਕਿਵੇਂ ਹੱਲ ਕਰਨਾ ਹੈ। ਤੁਹਾਡਾ ਬੱਚਾ ਆਪਣਾ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਤਾ ਪੈਦਾ ਕਰੇਗਾ ਅਤੇ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿੱਖੇਗਾ। ਉਹ ਮੇਲ-ਜੋਲ ਕਰਨਗੇ ਅਤੇ ਨਵੇਂ ਦੋਸਤ ਬਣਾਉਣਗੇ।
ਖੋਜ ਦਰਸਾਉਂਦੀ ਹੈ ਕਿ 16 ਸਾਲ ਦੀ ਉਮਰ ਦੇ ਵਿਦਿਆਰਥੀ ਜਿਨ੍ਹਾਂ ਨੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਦੋ ਜਾਂ 3 ਸਾਲਾਂ ਦੇ ਕਿੰਡਰ ਪ੍ਰੋਗਰਾਮ ਵਿੱਚ ਭਾਗ ਲਿਆ ਸੀ, ਉਹਨਾਂ ਦੇ ਅੰਗਰੇਜ਼ੀ ਅਤੇ ਗਣਿਤ ਵਿੱਚ ਉਹਨਾਂ ਵਿਦਿਆਰਥੀਆਂ ਨਾਲੋਂ ਵੱਧ ਅੰਕ ਸਨ ਜੋ ਕਿੰਡਰ ਵਿੱਚ ਨਹੀਂ ਗਏ ਸਨ।
ਮਾਪੇ ਅਤੇ ਕਿੰਡਰ ਅਧਿਆਪਕ ਕਿਵੇਂ ਮਿਲ ਕੇ ਕੰਮ ਕਰਦੇ ਹਨ:
ਕਿੰਡਰ ਮਾਪਿਆਂ/ਸੰਭਾਲਕਰਤਾਵਾਂ, ਪਰਿਵਾਰਾਂ ਅਤੇ ਅਧਿਆਪਕਾਂ ਵਿਚਕਾਰ ਭਾਈਵਾਲੀ ਵਜੋਂ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਇੱਕ ਮਾਤਾ/ਪਿਤਾ/ਦੇਖਭਾਲਕਰਤਾ ਵਜੋਂ, ਤੁਸੀਂ ਆਪਣੇ ਬੱਚੇ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੋ। ਤੁਸੀਂ ਉਨ੍ਹਾਂ ਨੂੰ ਸਹੀ-ਗਲਤ ਦੀ ਪਹਿਚਾਣ ਕਰਨਾ, ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਜਿਵੇਂ ਕਿ ਦਿਆਲੂਪਨ ਅਤੇ ਸਤਿਕਾਰ ਕਰਨਾ ਸਿਖਾਉਂਦੇ ਹੋ। ਅਧਿਆਪਕ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਗੇ ਕਿ ਕਿੰਡਰ ਵਿੱਚ ਕੀ ਹੋ ਰਿਹਾ ਹੈ ਅਤੇ ਤੁਹਾਡੇ ਬੱਚੇ ਨੂੰ ਘਰ ਵਿੱਚ ਸਿੱਖਣਾ ਜਾਰੀ ਰੱਖਣ ਵਿੱਚ ਮੱਦਦ ਕਰਨ ਦੇ ਤਰੀਕਿਆਂ ਬਾਰੇ। ਉਹ ਜਾਣਨਾ ਚਾਹੁੰਦੇ ਹਨ ਕਿ ਤੁਹਾਡੇ ਬੱਚੇ ਦੀਆਂ ਕੀ ਰੁਚੀਆਂ ਹਨ ਅਤੇ ਉਹ ਕਿਵੇਂ ਸਿੱਖਣਾ ਪਸੰਦ ਕਰਦੇ ਹਨ।
ਤੁਸੀਂ ਕਿਸੇ ਵੀ ਸਮੇਂ ਆਪਣੇ ਕਿੰਡਰ ਵਾਲੇ ਅਧਿਆਪਕ ਨੂੰ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦੇ ਹੋ। ਇਹ ਵੈੱਬਸਾਈਟ 'ਤੇ ਜਾਂ ਟੈਲੀਫ਼ੋਨ ਜਾਂ ਵੀਡੀਓ ਰਾਹੀਂ ਹੋ ਸਕਦਾ ਹੈ। ਇਸ ਸੇਵਾ ਤੱਕ ਪਹੁੰਚ ਕਰਨ ਲਈ ਪਰਿਵਾਰਾਂ ਲਈ ਕੋਈ ਖ਼ਰਚਾ ਨਹੀਂ ਹੈ।
ਕਿੰਡਰ ਵਿੱਚ ਕੀ ਹੁੰਦਾ ਹੈ:
ਅਧਿਆਪਕ ਬੱਚਿਆਂ ਨੂੰ ਖੇਡ ਰਾਹੀਂ ਸਿੱਖਣ ਲਈ ਉਤਸ਼ਾਹਿਤ ਕਰਦੇ ਹਨ। ਗਤੀਵਿਧੀਆਂ ਵਿੱਚ ਡਰਾਇੰਗ ਕਰਨਾ, ਗਾਉਣਾ, ਚੜ੍ਹਨਾ, ਖੁਦਾਈ ਕਰਨਾ ਅਤੇ ਬਾਹਰਵਾਰ ਦੌੜਨਾ, ਖਿਡੌਣਿਆਂ ਨਾਲ ਖੇਡਣਾ ਅਤੇ ਕਿਤਾਬਾਂ ਪੜ੍ਹਨਾ ਸ਼ਾਮਲ ਹੋ ਸਕਦਾ ਹੈ। ਖੇਡਣਾ ਬੱਚਿਆਂ ਨੂੰ ਚੀਜ਼ਾਂ ਵੰਡਣ ਅਤੇ ਵਾਰੀ ਅਨੁਸਾਰ ਦੂਜਿਆਂ ਨਾਲ ਸਹਿਯੋਗ ਕਰਨਾ ਸਿਖਾਉਣ ਦੇ ਨਾਲ-ਨਾਲ ਆਪਣੀ ਕਲਪਨਾ ਵਰਤਨ ਅਤੇ ਖੋਜ-ਬੀਨ ਕਰਨ ਲਈ ਵੀ ਉਤਸ਼ਾਹਿਤ ਕਰਦਾ ਹੈ। ਬੱਚੇ ਅੰਗਰੇਜ਼ੀ ਬੋਲਣ ਅਤੇ ਸਮਝਣ ਦੇ ਤਰੀਕੇ ਸਮੇਤ ਆਵਾਜ਼ਾਂ, ਸ਼ਬਦਾਂ ਅਤੇ ਭਾਸ਼ਾ ਬਾਰੇ ਸਿੱਖਣਗੇ।
ਕਿੰਡਰ ਸਾਡੇ ਬਹੁ-ਸੱਭਿਆਚਾਰਕ ਭਾਈਚਾਰੇ ਦਾ ਹਿੱਸਾ ਹਨ:
ਕਿੰਡਰ ਪ੍ਰੋਗਰਾਮ ਸਾਰੇ ਤਰ੍ਹਾਂ ਦੇ ਪਿਛੋਕੜ ਵਾਲੇ ਮਾਪਿਆਂ ਦਾ ਉਹਨਾਂ ਦੇ ਆਪਣੇ ਭਾਈਚਾਰਿਆਂ ਦਾ ਹਿੱਸਾ ਬਣਨ ਲਈ ਸਵਾਗਤ ਕਰਦੇ ਹਨ। ਉਹ ਇੱਕ ਅਜਿਹੀ ਥਾਂ ਹੈ ਜਿੱਥੇ ਮਾਪੇ ਮਿਲ ਸਕਦੇ ਹਨ ਅਤੇ ਆਪਸ ਵਿੱਚ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ ਅਤੇ ਇੱਕ ਦੂਜੇ ਤੋਂ ਸਿੱਖ ਸਕਦੇ ਹਨ।
ਅਧਿਆਪਕ ਤੁਹਾਡੇ ਬੱਚੇ ਅਤੇ ਤੁਹਾਡੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਹਨ। ਇਹ ਉਹਨਾਂ ਨੂੰ ਅਜਿਹੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਮੱਦਦ ਕਰਦਾ ਹੈ ਜੋ ਤੁਹਾਡੇ ਬੱਚੇ ਲਈ ਅਰਥਪੂਰਣ ਹਨ, ਜਿਸ ਵਿੱਚ ਸੱਭਿਆਚਾਰਕ ਮਹੱਤਤਾ ਵਾਲੇ ਦਿਨਾਂ ਅਤੇ ਸਮਾਗਮਾਂ 'ਤੇ ਆਧਾਰਿਤ ਗਤੀਵਿਧੀਆਂ ਅਤੇ ਵਿਕਟੋਰੀਆ ਵਿੱਚ ਵਿਭਿੰਨਤਾ ਨੂੰ ਖੁਸ਼ੀ ਨਾਲ ਮਨਾਉਣਾ ਸ਼ਾਮਲ ਹੈ।
ਅਧਿਆਪਕ ਗਤੀਵਿਧੀਆਂ ਵਿੱਚ ਹਰ ਕਿਸੇ ਨੂੰ ਸ਼ਾਮਲ ਕਰਦੇ ਹਨ, ਇਸ ਲਈ ਜਿਹੜੇ ਬੱਚੇ ਅੰਗਰੇਜ਼ੀ ਨਹੀਂ ਬੋਲਦੇ ਉਨ੍ਹਾਂ ਨੂੰ ਖੇਡਣ ਅਤੇ ਸਿੱਖਣ ਦੇ ਬਰਾਬਰ ਮੌਕੇ ਮਿਲਦੇ ਹਨ। ਕੁੱਝ ਕਿੰਡਰ ਪ੍ਰੋਗਰਾਮਾਂ ਵਿੱਚ ਦੋਭਾਸ਼ੀ ਅਧਿਆਪਕ ਹੁੰਦੇ ਹਨ ਜੋ ਉਹਨਾਂ ਬੱਚਿਆਂ ਦੀ ਮੱਦਦ ਕਰਦੇ ਹਨ ਜੋ ਘੱਟ ਜਾਂ ਬਿਲਕੁਲ ਹੀ ਅੰਗਰੇਜ਼ੀ ਨਹੀਂ ਬੋਲਦੇ ਹਨ। ਬੱਚਿਆਂ ਨੂੰ ਦੂਸਰਿਆਂ ਨਾਲ ਮੇਲ-ਮਿਲਾਪ ਕਰਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਸੱਭਿਆਚਾਰਕ ਅੰਤਰਾਂ ਦਾ ਆਦਰ ਕਰਨਾ ਵੀ ਸਿਖਾਇਆ ਜਾਂਦਾ ਹੈ।
ਕਿੰਡਰਗਾਰਟਨ ਪ੍ਰੋਗਰਾਮਾਂ ਦੀਆਂ ਕਿਸਮਾਂ
ਬੱਚੇ ਜਾਂ ਤਾਂ ਲੰਬੇ ਦਿਨ ਦੀ ਦੇਖਭਾਲ ਸੈਂਟਰ (ਜਿਸ ਨੂੰ ਚਾਈਲਡ ਕੇਅਰ ਵੀ ਕਿਹਾ ਜਾਂਦਾ ਹੈ) ਜਾਂ ਇੱਕ ਸਟੈਂਡਅਲੋਨ (ਜਿਸ ਨੂੰ ਸੈਸ਼ਨਲ ਵੀ ਕਿਹਾ ਜਾਂਦਾ ਹੈ) ਕਿੰਡਰ ਸੇਵਾ ਵਿੱਚ ਤਿੰਨ-ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਸੇਵਾਵਾਂ ਆਮ ਤੌਰ 'ਤੇ ਚਾਰ ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕਰਦੀਆਂ ਹਨ।
ਪੂਰੇ ਦਿਨ ਦੀ ਦੇਖਭਾਲ ਕਰਨ ਵਾਲਾ ਸੈਂਟਰ ਕਿੰਡਰ ਪ੍ਰੋਗਰਾਮ ਸਮੇਤ ਪੂਰੇ ਦਿਨ ਦੀ ਸਿੱਖਿਆ ਅਤੇ ਦੇਖਭਾਲ ਦੀ ਪੇਸ਼ਕਸ਼ ਵੀ ਕਰ ਸਕਦਾ ਹੈ। ਅਧਿਆਪਕਾਂ ਦੀ ਅਗਵਾਈ ਵਾਲੇ ਕਿੰਡਰ ਪ੍ਰੋਗਰਾਮ ਨੂੰ ਸਿੱਖਿਆ ਅਤੇ ਦੇਖਭਾਲ ਦੇ ਵਾਧੂ ਘੰਟਿਆਂ ਨਾਲ ਜੋੜਿਆ ਜਾ ਸਕਦਾ ਹੈ।
ਕਿਸੇ ਇਕੱਲੇ ਤੌਰ 'ਤੇ ਚੱਲਣ ਵਾਲੀ ਸੇਵਾ ਵਿੱਚ, ਕਿੰਡਰਗਾਰਟਨ ਪ੍ਰੋਗਰਾਮ ਸਿਰਫ਼ ਖ਼ਾਸ ਦਿਨਾਂ ਅਤੇ ਖ਼ਾਸ ਸਮਿਆਂ 'ਤੇ ਹੀ ਕੰਮ ਕਰੇਗਾ। ਇੱਕ ਇਕੱਲੇ ਤੌਰ 'ਤੇ ਚੱਲਣ ਵਾਲੀ ਸੇਵਾ ਆਮ ਤੌਰ 'ਤੇ ਸਕੂਲ ਦੀ ਮਿਆਦ ਦੇ ਦੌਰਾਨ ਸਾਲ ਵਿੱਚ 40 ਹਫ਼ਤਿਆਂ ਲਈ ਹੀ ਕੰਮ ਕਰਦੀ ਹੈ ਅਤੇ ਸਕੂਲਾਂ ਵਾਂਗ ਹੀ ਛੁੱਟੀਆਂ ਲੈਂਦੀ ਹੈ। ਇਹ ਦਿਨ ਅਤੇ ਘੰਟੇ ਇਸ ਕਿੰਡਰ ਸੇਵਾ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।
Updated