ਪਿਛੋਕੜ
ਵਿਕਟੋਰੀਆ ਦੀ ਸਰਕਾਰ ਨੇ ਲੋਕਾਂ ਨੂੰ ਜਨਤਕ ਤੌਰ 'ਤੇ ਨਾਜ਼ੀ ਪਾਰਟੀ ਦੁਆਰਾ ਵਰਤੇ ਗਏ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਜਾਂ ਇਸ਼ਾਰੇ ਕਰਨ ਤੋਂ ਰੋਕਣ ਲਈ ਨਵੇਂ ਕਾਨੂੰਨ ਪੇਸ਼ ਕੀਤੇ ਹਨ।
20ਵੀਂ ਸਦੀ ਦੇ ਅਰੰਭ ਤੋਂ ਮੱਧ ਤੱਕ ਨਾਜ਼ੀ ਪਾਰਟੀ ਅਤੇ ਜਰਮਨੀ ਵਿੱਚ ਤੀਜੀ ਰੀਚ ਦੁਆਰਾ ਵਰਤੇ ਜਾਣ ਵਾਲੇ ਸਭ ਤੋਂ ਵਿਆਪਕ ਤੌਰ 'ਤੇ ਜਾਣੇ ਜਾਂਦੇ ਚਿੰਨ੍ਹ ਹਾਕੇਨਕ੍ਰੇਜ਼ (ਟਵਿਸਟਡ ਜਾਂ ਹੁਕਡ ਕਰਾਸ) ਨੂੰ ਪ੍ਰਦਰਸ਼ਿਤ ਕਰਨਾ ਪਹਿਲਾਂ ਹੀ ਇਕ ਅਪਰਾਧਿਕ ਜ਼ੁਰਮ ਹੈ, ਇਹ ਚਿੰਨ੍ਹ ਨਾਜ਼ੀ ਪਾਰਟੀ ਦੇ ਮਨੁੱਖਤਾ ਵਿਰੁੱਧ ਅਪਰਾਧਾਂ ਨਾਲ ਜੁੜਿਆ ਹੋਇਆ ਹੈ।
ਨਵੇਂ ਕਾਨੂੰਨ ਨਾਜ਼ੀ ਸਲਾਮੀ ਸਮੇਤ ਵਾਧੂ ਨਾਜ਼ੀ ਚਿੰਨ੍ਹਾਂ ਅਤੇ ਇਸ਼ਾਰਿਆਂ ਦੀ ਜਨਤਕ ਵਰਤੋਂ 'ਤੇ ਪਾਬੰਦੀ ਲਗਾ ਕੇ ਇਸ ਮੌਜੂਦਾ ਜ਼ੁਰਮ ਦਾ ਵਿਸਥਾਰ ਕਰਦੇ ਹਨ।
ਅਜਿਹੇ ਪ੍ਰਦਰਸ਼ਨ ਵਿਕਟੋਰੀਆ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਅਤੇ ਇਹ ਨਾ-ਮੰਨਣਯੋਗ ਹੈ। ਇਹ
ਪਾਬੰਦੀ ਇਕ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਵਿਕਟੋਰੀਆ ਵਿਚ ਨਾਜ਼ੀ ਵਿਚਾਰਧਾਰਾ ਅਤੇ ਇਸਦੇ ਦੁਆਰਾ ਦਰਸਾਈ ਜਾਂਦੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ।
ਜ਼ੁਰਮ ਵਿੱਚ ਕਈ ਸਾਰੀਆਂ ਛੋਟਾਂ ਹਨ। ਇਹਨਾਂ ਵਿੱਚ ਸ਼ਾਮਲ ਹੈ ਜਿੱਥੇ ਪ੍ਰਦਰਸ਼ਨ ਅਸਲ ਅਕਾਦਮਿਕ, ਧਾਰਮਿਕ, ਕਲਾਤਮਕ, ਜਾਂ ਵਿਦਿਅਕ ਉਦੇਸ਼ਾਂ ਲਈ ਵਾਜਬ ਅਤੇ ਚੰਗੀ ਸੋਚ ਨਾਲ ਕੀਤਾ ਜਾਂਦਾ ਹੈ।
ਬੋਧੀ, ਹਿੰਦੂ, ਜੈਨ ਅਤੇ ਹੋਰ ਧਾਰਮਿਕ ਭਾਈਚਾਰਿਆਂ ਲਈ ਸਵਾਸਤਿਕ ਦੇ ਸਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦੇਣ ਵਾਲੀਆਂ ਮੌਜੂਦਾ ਛੋਟਾਂ ਕਾਇਮ ਰਹਿਣਗੀਆਂ। ਇਨ੍ਹਾਂ ਭਾਈਚਾਰਿਆਂ ਲਈ, ਸਵਾਸਤਿਕ (ਜਿਸ ਨੂੰ ਨਾਜ਼ੀ ਹਾਕੇਨਕ੍ਰੇਜ਼ ਵਜੋਂ ਗਲਤ ਸਮਝਿਆ ਜਾ ਸਕਦਾ ਹੈ) ਸ਼ਾਂਤੀ ਅਤੇ ਚੰਗੀ ਕਿਸਮਤ ਦਾ ਇਕ ਪ੍ਰਾਚੀਨ ਅਤੇ ਪਵਿੱਤਰ ਪ੍ਰਤੀਕ ਹੈ।
1. ਜ਼ੁਰਮ ਕੀ ਹੈ?
ਕੋਈ ਵਿਅਕਤੀ ਅਪਰਾਧਿਕ ਜ਼ੁਰਮ ਕਰਦਾ ਹੈ ਜੇ ਉਹ:
- ਨਾਜ਼ੀ ਪਾਰਟੀ ਦੁਆਰਾ ਵਰਤੇ ਗਏ ਚਿੰਨ੍ਹ ਨੂੰ ਜਾਣ ਬੁੱਝ ਕੇ ਜਨਤਕ ਸਥਾਨ ਵਿੱਚ ਪ੍ਰਦਰਸ਼ਿਤ ਕਰਨਾ ਜਾਂ ਜਨਤਾ ਦੇ ਸਾਹਮਣੇ ਇਸ਼ਾਰੇ ਕਰਦਾ ਹੈ, ਅਤੇ
- ਇਹ ਜਾਣਦਾ ਹੈ, ਜਾਂ ਉਸਦਾ ਇਸਨੂੰ ਵਾਜਬ ਤੌਰ 'ਤੇ ਜਾਣਦਾ ਹੋਣਾ ਮੰਨਿਆ ਜਾਂਦਾ ਹੈ, ਕਿ ਚਿੰਨ੍ਹ ਜਾਂ ਇਸ਼ਾਰਾ ਨਾਜ਼ੀ ਪ੍ਰਤੀਕ ਹੈ ਜਾਂ ਇਸ਼ਾਰਾ ਹੈ।
2. ਜ਼ੁਰਮ ਕਰਨ ਲਈ ਕੀ ਸਜ਼ਾ ਹੈ?
ਜ਼ੁਰਮ ਕਰਨ ਵਾਲੇ ਵਿਅਕਤੀ ਨੂੰ 23,000 ਡਾਲਰ ਦਾ ਜੁਰਮਾਨਾ, 12 ਮਹੀਨੇ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ।
3. ਕਿਹੜੇ ਨਾਜ਼ੀ ਚਿੰਨ੍ਹਾਂ ਅਤੇ ਇਸ਼ਾਰਿਆਂ 'ਤੇ ਪਾਬੰਦੀ ਹੈ?
ਹਾਕੇਨਕ੍ਰੇਜ਼ ਅਤੇ ਨਾਜ਼ੀ ਸਲਾਮੀ, ਨਾਜ਼ੀ ਪਾਰਟੀ ਦੁਆਰਾ ਵਰਤੇ ਜਾਣ ਵਾਲੇ ਸਭ ਤੋਂ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਚਿੰਨ੍ਹ ਅਤੇ ਇਸ਼ਾਰੇ ਹਨ। ਉਨ੍ਹਾਂ ਦੀ ਵਰਤੋਂ ਵਿਕਟੋਰੀਆ ਦੇ ਭਾਈਚਾਰੇ ਦੇ ਮੈਂਬਰਾਂ ਪ੍ਰਤੀ ਨਫ਼ਰਤ ਭੜਕਾਉਣ ਲਈ ਕੀਤੀ ਜਾਂਦੀ ਹੈ, ਜਿਸ ਕਰਕੇ ਉਨ੍ਹਾਂ 'ਤੇ ਸਪੱਸ਼ਟ ਤੌਰ 'ਤੇ ਪਾਬੰਦੀ ਲਗਾਈ ਗਈ ਹੈ।
ਨਾਜ਼ੀ ਪਾਰਟੀ ਅਤੇ ਇਸ ਨਾਲ ਜੁੜੇ ਅਰਧ ਸੈਨਿਕ ਬਲਾਂ ਦੁਆਰਾ ਵਰਤੇ ਜਾਣ ਵਾਲੇ ਹੋਰ ਚਿੰਨ੍ਹਾਂ ਅਤੇ ਇਸ਼ਾਰਿਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ, ਅਤੇ ਨਾਲ ਹੀ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨਾਲ ਮਿਲਦੇ-ਜੁਲਦੇ ਚਿੰਨ੍ਹਾਂ ਜਾਂ ਇਸ਼ਾਰਿਆਂ ਲਈ ਵੀ ਇਹ ਪਾਬੰਦੀ ਲਗਾਈ ਗਈ ਹੈ।
ਨਾਜ਼ੀ ਪਾਰਟੀ ਦਾ ਮਤਲਬ ਹੈ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ (NSDAP) ਜੋ 1920 ਤੋਂ 1945 ਤੱਕ ਸਰਗਰਮ ਸੀ। ਨਾਜ਼ੀ ਪਾਰਟੀ ਵਿੱਚ SA (ਸਟਰਮਾਬਟੇਲੰਗ), SS (ਸ਼ੂਟਜ਼ਸਟਾਫਲ), NSKK (ਨੈਸ਼ਨਲ ਸੋਸ਼ਲਿਸਟ ਮੋਟਰ ਕੋਰ) ਅਤੇ NSFK (ਨੈਸ਼ਨਲ ਸੋਸ਼ਲਿਸਟ ਫਲਾਇਰਜ਼ ਕੋਰ) ਵਰਗੇ ਅਰਧ ਸੈਨਿਕ ਬਲ ਵੀ ਸ਼ਾਮਲ ਹਨ।
ਆਖਰਕਾਰ, ਇਹ ਅਦਾਲਤਾਂ 'ਤੇ ਨਿਰਭਰ ਕਰੇਗਾ ਕਿ ਉਹ ਇਹ ਫੈਸਲਾ ਕਰਨ ਕਿ ਕਿਹੜੇ ਚਿੰਨ੍ਹ ਅਤੇ ਇਸ਼ਾਰੇ ਪਾਬੰਦੀ ਦੇ ਦਾਇਰੇ ਵਿੱਚ ਆਉਂਦੇ ਹਨ। ਹਾਲਾਂਕਿ, ਨਵੇਂ ਕਾਨੂੰਨਾਂ ਦਾ ਉਦੇਸ਼ ਉਹ ਝੰਡੇ, ਚਿੰਨ੍ਹ ਅਤੇ ਮੈਡਲ ਸ਼ਾਮਲ ਕਰਨਾ ਹੈ ਜੋ ਨਾਜ਼ੀ ਪਾਰਟੀ ਅਤੇ ਇਸਦੇ ਅਰਧ ਸੈਨਿਕ ਬਲਾਂ ਦੁਆਰਾ ਵਰਤੇ ਗਏ ਸਨ, ਜਿਨ੍ਹਾਂ ਵਿੱਚ ਸ਼ਾਮਲ ਹਨ:
- SS ਬੋਲਟਸ ਦਾ ਚਿੰਨ੍ਹ (SIG runes)
- ਟੋਟੇਨਕੋਫ (ਜਾਂ ਨਾਜ਼ੀ ਖੋਪੜੀ) ਜੋ SS ਦੁਆਰਾ ਵੀ ਵਰਤੀ ਜਾਂਦੀ ਸੀ
- SA, NSKK, ਅਤੇ NSFK ਦੇ ਹੋਰ ਚਿੰਨ੍ਹ।
4. ਕੀ ਕੋਈ ਛੋਟਾਂ ਹਨ?
ਜ਼ੁਰਮ ਦੇ ਕਈ ਅਪਵਾਦ ਹਨ, ਇਹ ਮੰਨਦੇ ਹੋਏ ਕਿ ਨਾਜ਼ੀ ਚਿੰਨ੍ਹਾਂ ਅਤੇ ਇਸ਼ਾਰਿਆਂ ਨੂੰ ਚੰਗੇ ਉਦੇਸ਼ਾਂ ਲਈ ਪ੍ਰਦਰਸ਼ਿਤ ਜਾਂ ਕੀਤਾ ਜਾ ਸਕਦਾ ਹੈ।
ਕੋਈ ਵਿਅਕਤੀ ਕੋਈ ਜ਼ੁਰਮ ਨਹੀਂ ਕਰ ਰਿਹਾ ਹੈ ਜੇ ਉਹ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਵਾਜਬ ਅਤੇ ਨੇਕ ਇਰਾਦੇ ਨਾਲ ਪ੍ਰਦਰਸ਼ਿਤ ਜਾਂ ਕਰਦੇ ਹਨ:
- ਕਿਸੇ ਚੰਗੇ ਅਕਾਦਮਿਕ, ਕਲਾਤਮਕ, ਵਿਦਿਅਕ, ਜਾਂ ਵਿਗਿਆਨਕ ਉਦੇਸ਼ ਲਈ, ਜਾਂ
- ਕਿਸੇ ਵੀ ਘਟਨਾ ਜਾਂ ਜਨਤਕ ਹਿੱਤ ਦੇ ਮਾਮਲੇ ਦੀ ਨਿਰਪੱਖ ਅਤੇ ਸਟੀਕ ਰਿਪੋਰਟ ਬਣਾਉਣ ਜਾਂ ਪ੍ਰਕਾਸ਼ਤ ਕਰਨ ਵਿੱਚ।
ਉਦਾਹਰਨ ਲਈ, ਜਿੱਥੇ ਕੋਈ ਵਿਅਕਤੀ ਥੀਏਟਰ ਪ੍ਰਦਰਸ਼ਨ ਦੇ ਅੰਦਰ ਨਾਜ਼ੀ ਸਲਾਮੀ ਦਿੰਦਾ ਹੈ, ਜਾਂ ਜਿੱਥੇ ਇਕ ਅਧਿਆਪਕ ਫਿਲਮ ਦਿਖਾਉਂਦਾ ਹੈ ਜਿਸ ਵਿੱਚ SS ਚਿੰਨ੍ਹ ਨੂੰ ਇਤਿਹਾਸ ਦੀ ਜਮਾਤ ਦੇ ਹਿੱਸੇ ਵਜੋਂ ਦੇਖਿਆ ਜਾ ਸਕਦਾ ਹੈ।
ਲੋਕ ਤਾਂ ਵੀ ਕੋਈ ਜ਼ੁਰਮ ਨਹੀਂ ਕਰ ਰਹੇ ਹਨ ਜੇ ਉਹ ਇਹ ਪ੍ਰਦਰਸ਼ਿਤ ਕਰਦੇ ਹਨ:
- ਨੇਕ ਸਭਿਆਚਾਰਕ ਜਾਂ ਧਾਰਮਿਕ ਉਦੇਸ਼ਾਂ ਲਈ ਨਾਜ਼ੀ ਚਿੰਨ੍ਹ। ਇਹ ਯਕੀਨੀ ਬਣਾਉਂਦਾ ਹੈ ਕਿ ਕੁਝ ਧਰਮ, ਪਵਿੱਤਰ ਸਵਾਸਤਿਕ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।
- ਨਾਜ਼ੀਵਾਦ ਜਾਂ ਸੰਬੰਧਿਤ ਵਿਚਾਰਧਾਰਾਵਾਂ ਦੇ ਵਿਰੋਧ ਵਿੱਚ ਨਾਜ਼ੀ ਚਿੰਨ੍ਹ ਜਾਂ ਇਸ਼ਾਰਾ।
ਉਦਾਹਰਨ ਲਈ, ਇਕ ਵਿਅਕਤੀ ਜੋ ਨਾਜ਼ੀ ਜਰਮਨੀ ਦਾ ਝੰਡਾ ਪ੍ਰਦਰਸ਼ਿਤ ਕਰਦਾ ਹੈ ਜਿਸ ਦੇ ਵਿੱਚ ਇਕ ਨਿਸ਼ਾਨ ਲੱਗਾ ਹੁੰਦਾ ਹੈ, ਜਾਂ ਇਕ ਵਿਅਕਤੀ ਜੋ LGBTIQ + ਭਾਈਚਾਰਿਆਂ ਦੁਆਰਾ ਵਰਤੇ ਜਾਂਦੀ ਗੁਲਾਬੀ ਤਿਕੋਣ ਨੂੰ ਪ੍ਰਦਰਸ਼ਿਤ ਕਰਦਾ ਹੈ। ਨਾਜ਼ੀ ਚਿੰਨ੍ਹਾਂ ਜਾਂ ਇਸ਼ਾਰਿਆਂ ਦੇ ਟੈਟੂ, ਪਾਬੰਦੀ ਦੇ ਅਧੀਨ ਨਹੀਂ ਆਉਂਦੇ ਹਨ ਕਾਨੂੰਨ ਲਾਗੂ ਕਰਨ ਜਾਂ ਨਿਆਂ ਦੇ ਉਦੇਸ਼ਾਂ ਦੇ ਪ੍ਰਸ਼ਾਸਨ ਲਈ ਵੀ ਛੋਟਾਂ ਹਨ।
5. ਕੀ ਧਾਰਮਿਕ ਅਤੇ ਸਭਿਆਚਾਰਕ ਸਵਾਸਤਿਕ ਦੇ ਜਨਤਕ ਪ੍ਰਦਰਸ਼ਨ 'ਤੇ ਪਾਬੰਦੀ ਹੈ?
ਇਹ ਜ਼ੁਰਮ ਸਭਿਆਚਾਰਕ ਅਤੇ ਧਾਰਮਿਕ ਉਦੇਸ਼ਾਂ ਲਈ ਸਵਾਸਤਿਕ (ਜਿਸ ਨੂੰ ਨਾਜ਼ੀ ਹਾਕੇਨਕ੍ਰੇਜ਼ ਸਮਝਿਆ ਜਾ ਸਕਦਾ ਹੈ) ਨੂੰ ਪ੍ਰਦਰਸ਼ਿਤ ਕਰਨ ਦੀ ਮਨਾਹੀ ਨਹੀਂ ਕਰਦਾ ਹੈ।
ਉਦਾਹਰਨ ਦੇ ਤੌਰ 'ਤੇ:
- ਜਿੱਥੇ ਹਿੰਦੂ ਧਰਮ ਦਾ ਵਿਅਕਤੀ ਚੰਗੀ ਕਿਸਮਤ ਦੇ ਪ੍ਰਤੀਕ ਵਜੋਂ ਆਪਣੀ ਦੁਕਾਨ ਦੀ ਸਾਹਮਣੇ ਵਾਲੀ ਖਿੜਕੀ ਵਿੱਚ ਸਵਾਸਤਿਕ ਪ੍ਰਦਰਸ਼ਿਤ ਕਰਦਾ ਹੈ।
- ਜਿੱਥੇ ਜੈਨ ਧਰਮ ਦਾ ਵਿਅਕਤੀ ਚੰਗੀ ਕਿਸਮਤ ਦੇ ਪ੍ਰਤੀਕ ਵਜੋਂ ਵਰਤਣ ਤੋਂ ਪਹਿਲਾਂ ਆਪਣੀ ਨਵੀਂ ਗੱਡੀ 'ਤੇ ਸਵਾਸਤਿਕ ਵਾਹੁੰਦਾ ਹੈ।
- ਜਿੱਥੇ ਬੋਧੀ ਧਰਮ ਦਾ ਵਿਅਕਤੀ ਬੋਧੀ ਮੰਦਰ ਵਿੱਚ ਚੰਗੀ ਕਿਸਮਤ ਦੇ ਪ੍ਰਤੀਕ ਵਜੋਂ ਛਾਤੀ 'ਤੇ ਸਵਾਸਤਿਕ ਦੇ ਨਾਲ ਬੁੱਧ ਦੀ ਮੂਰਤੀ ਪ੍ਰਦਰਸ਼ਿਤ ਕਰਦਾ ਹੈ।
ਧਾਰਮਿਕ ਅਤੇ ਸਭਿਆਚਾਰਕ ਸਵਾਸਤਿਕ ਦੀ ਉਤਪਤੀ ਬਾਰੇ ਜਾਗਰੂਕਤਾ ਵਧਾਉਣ ਲਈ; ਬੋਧੀ, ਹਿੰਦੂ ਅਤੇ ਜੈਨ ਭਾਈਚਾਰਿਆਂ ਲਈ ਇਸ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ; ਅਤੇ ਇਸ ਸਮਝਾਉਣ ਲਈ ਕਿ ਇਹ ਨਾਜ਼ੀ ਹਾਕੇਨਕਰੇਜ਼ ਤੋਂ ਕਿਵੇਂ ਵੱਖਰਾ ਹੈ, ਭਾਈਚਾਰਕ ਸਿੱਖਿਆ ਮੁਹਿੰਮ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ, ਵਧੇਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ [DFFH ਤੱਥ ਸ਼ੀਟ] ਦੇਖੋ।
6. ਕੀ ਔਨਲਾਈਨ ਪ੍ਰਦਰਸ਼ਿਤ ਨਾਜ਼ੀ ਚਿੰਨ੍ਹਾਂ ਅਤੇ ਇਸ਼ਾਰਿਆਂ 'ਤੇ ਪਾਬੰਦੀ ਹੈ?
ਇਹ ਕਾਨੂੰਨ ਸਿਰਫ ਨਾਜ਼ੀ ਚਿੰਨ੍ਹਾਂ ਜਾਂ ਇਸ਼ਾਰਿਆਂ ਨੂੰ ਆਪਣੇ ਥੱਲੇ ਲਿਆਉਂਦਾ ਹੈ ਜੋ ਜਨਤਕ ਸਥਾਨ 'ਤੇ ਦਿਖਾਈ ਦਿੰਦੇ ਹਨ ਨਾ ਕਿ ਔਨਲਾਈਨ।
ਜੇ ਤੁਸੀਂ ਕੋਈ ਨਾਜ਼ੀ ਚਿੰਨ੍ਹ ਜਾਂ ਇਸ਼ਾਰਾ ਔਨਲਾਈਨ ਪ੍ਰਦਰਸ਼ਿਤ ਹੁੰਦਾ ਵੇਖਦੇ ਹੋ, ਤਾਂ ਤੁਹਾਨੂੰ ਗੈਰ-ਜ਼ਰੂਰੀ ਮਾਮਲਿਆਂ ਲਈ ਪੁਲਿਸ ਸਹਾਇਤਾ ਲਾਈਨ (131 444) ਰਾਹੀਂ ਵਿਕਟੋਰੀਆ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਗੰਭੀਰ ਸਾਈਬਰ ਦੁਰਵਿਵਹਾਰ ਸਮੱਗਰੀ ਨੂੰ ਹਟਾਉਣ ਦੀ ਬੇਨਤੀ ਕਰਨ ਲਈ ਤੁਸੀਂ ਈ-ਸੇਫਟੀ ਕਮਿਸ਼ਨਰ ਨੂੰ ਪ੍ਰਦਰਸ਼ਨ ਦੀ ਰਿਪੋਰਟ ਵੀ ਕਰ ਸਕਦੇ ਹੋ।
7. ਜੇ ਮੈਂ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਪ੍ਰਦਰਸ਼ਿਤ ਜਾਂ ਕਰਨ ਬਾਰੇ ਨਿਸ਼ਚਿੰਤ ਨਹੀਂ ਹਾਂ ਤਾਂ ਕੀ ਹੋਵੇਗਾ?
ਜੇ ਤੁਹਾਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਕਿ ਨਾਜ਼ੀ ਚਿੰਨ੍ਹਾਂ ਜਾਂ ਇਸ਼ਾਰਿਆਂ ਦੇ ਜਨਤਕ ਪ੍ਰਦਰਸ਼ਨ ਜਾਂ ਕਰਨ ਦੀ ਆਗਿਆ ਹੈ ਜਾਂ ਨਹੀਂ, ਤਾਂ ਤੁਹਾਨੂੰ ਸੁਤੰਤਰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।
ਵਿਕਟੋਰੀਆ ਲੀਗਲ ਏਡ ਕਈ ਮਾਮਲਿਆਂ ਬਾਰੇ ਮੁਫ਼ਤ ਕਾਨੂੰਨੀ ਸਲਾਹ ਪ੍ਰਦਾਨ ਕਰਦੀ ਹੈ। www.legalaid.vic.gov.au/contact-us 'ਤੇ ਉਨ੍ਹਾਂ ਦੀ ਵੈੱਬਸਾਈਟ ਰਾਹੀਂ ਉਹਨਾਂ ਨਾਲ ਸੰਪਰਕ ਕਰੋ।
ਤੁਸੀਂ ਵਿਕਟੋਰੀਆ ਲੀਗਲ ਏਡ ਦੀ ਕਾਨੂੰਨੀ ਸਹਾਇਤਾ ਫ਼ੋਨ ਲਾਈਨ ਤੋਂ 1300 792 387 'ਤੇ ਵੀ ਕਾਨੂੰਨ ਬਾਰੇ ਮੁਫ਼ਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਫੋਨ ਲਾਈਨ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਉਪਲਬਧ ਹੈ।
ਲਾਅ ਇੰਸਟੀਚਿਊਟ ਆਫ ਵਿਕਟੋਰੀਆ (LIV) ਲੀਗਲ ਰੈਫਰਲ ਸਰਵਿਸ, ਸੁਤੰਤਰ ਕਾਨੂੰਨੀ ਸਲਾਹ ਪ੍ਰਦਾਨ ਕਰਨ ਲਈ ਇਕ ਮਾਹਰ ਵਕੀਲ ਲੱਭਣ ਵਿੱਚ ਮਦਦ ਕਰ ਸਕਦੀ ਹੈ।
ਇਸ ਤੱਕ www.liv.asn.au/referral ਜਾਂ (03) 9607 9550 'ਤੇ ਪਹੁੰਚ ਕੀਤੀ ਜਾ ਸਕਦੀ ਹੈ। ਸ਼ੁਰੂਆਤੀ ਸਲਾਹ-ਮਸ਼ਵਰੇ ਮੁਫਤ ਹਨ।
8. ਵਿਕਟੋਰੀਆ ਪੁਲਿਸ ਕੋਲ ਜ਼ੁਰਮ ਨੂੰ ਲਾਗੂ ਕਰਨ ਲਈ ਕਿਹੜੀਆਂ ਸ਼ਕਤੀਆਂ ਹਨ?
ਪੁਲਿਸ ਕਿਸੇ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਅਤੇ ਉਸਤੇ ਦੋਸ਼ ਲਗਾ ਸਕਦੀ ਹੈ ਜੋ ਜਨਤਕ ਤੌਰ 'ਤੇ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਪ੍ਰਦਰਸ਼ਿਤ ਜਾਂ ਕਰ ਰਿਹਾ ਹੈ।
ਪੁਲਿਸ ਇਹ ਵੀ ਕਰ ਸਕਦੀ ਹੈ:
- ਕਿਸੇ ਵਿਅਕਤੀ ਨੂੰ ਜਨਤਕ ਤੌਰ 'ਤੇ ਦਿਖਾਈ ਦੇਣ ਵਾਲੇ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਹਟਾਉਣ ਦਾ ਨਿਰਦੇਸ਼ ਦੇਣਾ ਜੇ ਉਹ ਵਾਜਬ ਤੌਰ 'ਤੇ ਵਿਸ਼ਵਾਸ ਕਰਦੇ ਹਨ ਕਿ ਉਹ ਵਿਅਕਤੀ ਕੋਈ ਜ਼ੁਰਮ ਕਰ ਰਿਹਾ ਹੈ
- ਕਿਸੇ ਜਾਇਦਾਦ ਦੇ ਮਾਲਕ ਜਾਂ ਕਬਜ਼ੇਦਾਰ ਨੂੰ ਜਨਤਕ ਤੌਰ 'ਤੇ ਦਿਖਾਈ ਦੇਣ ਵਾਲੇ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਹਟਾਉਣ ਦਾ ਨਿਰਦੇਸ਼ ਦੇਣਾ
- ਉਸ ਵਿਅਕਤੀ 'ਤੇ ਦੋਸ਼ ਲਗਾਉਣਾ ਜੋ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਜਨਤਕ ਤੌਰ 'ਤੇ ਦਿਖਾਈ ਦੇਣ ਵਾਲੇ ਹਟਾਉਣ ਦੇ ਨਿਰਦੇਸ਼ ਦੀ ਪਾਲਣਾ ਨਹੀਂ ਕਰਦਾ। ਜ਼ੁਰਮਾਨਾ ਲਗਭਗ 1,900 ਡਾਲਰ ਜਾਂ 10 ਜ਼ੁਰਮਾਨਾ ਯੂਨਿਟ ਹੈ।
ਪੁਲਿਸ ਇਮਾਰਤ ਦੀ ਤਲਾਸ਼ੀ ਲੈਣ ਅਤੇ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਨੂੰ ਪ੍ਰਦਰਸ਼ਿਤ ਕਰਨ ਵਾਲੀ ਚੀਜ਼ ਨੂੰ ਜ਼ਬਤ ਕਰਨ ਲਈ ਵਾਰੰਟ ਲਈ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਵੀ ਅਰਜ਼ੀ ਦੇ ਸਕਦੀ ਹੈ।
9. ਮੈਂ ਜ਼ੁਰਮ ਦੀ ਰਿਪੋਰਟ ਕਿਵੇਂ ਕਰਾਂ?
ਜੇ ਤੁਸੀਂ ਕਿਸੇ ਨਾਜ਼ੀ ਚਿੰਨ੍ਹ ਜਾਂ ਇਸ਼ਾਰੇ ਦੇ ਪ੍ਰਦਰਸ਼ਨ ਜਾਂ ਕਰਨ ਦੀ ਰਿਪੋਰਟ ਪੁਲਿਸ ਨੂੰ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਸਥਾਨਕ ਪੁਲਿਸ ਸਟੇਸ਼ਨ ਨਾਲ ਸੰਪਰਕ ਕਰੋ, ਜਾਂ 1800 333 000 'ਤੇ ਕ੍ਰਾਈਮ ਸਟਾਪਰਜ਼ ਨੂੰ ਫ਼ੋਨ ਕਰੋ।
ਜੇ ਰਿਪੋਰਟ ਕਿਸੇ ਤੁਰੰਤ ਜੋਖਮ ਦੇ ਸਬੰਧ ਵਿੱਚ ਹੈ, ਤਾਂ ਕਿਰਪਾ ਕਰਕੇ ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰੋ।
Updated