ਕਿੰਡਰ ਕਿੱਟਾਂ ਬਾਰੇ
ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਖੇਡਣਾ ਇਸ ਤਰ੍ਹਾਂ ਹੈ ਕਿ ਬੱਚੇ ਆਪਣੇ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਕਿਵੇਂ ਖੋਜਦੇ ਅਤੇ ਸਿੱਖਦੇ ਹਨ। ਮਾਤਾ-ਪਿਤਾ, ਦੇਖਭਾਲ ਕਰਨ ਵਾਲੇ ਅਤੇ ਪਰਿਵਾਰ ਉਸ ਸਫ਼ਰ ਦਾ ਇੱਕ ਬਹੁਤ ਵੱਡਾ ਹਿੱਸਾ ਹਨ। ਤੁਹਾਡੇ ਬੱਚੇ ਦੀ ਕਿੰਡਰ ਕਿੱਟ ਵਿੱਚਲੀ ਹਰੇਕ ਚੀਜ਼ ਨੂੰ ਇੱਕ ਪਰਿਵਾਰ ਵਜੋਂ ਸਾਂਝਾ ਕਰਨ ਅਤੇ ਆਨੰਦ ਲੈਣ ਲਈ ਤਿਆਰ ਕੀਤਾ ਗਿਆ ਹੈ।
ਕਿੰਡਰਗਾਰਟਨ ਵਿਖੇ, ਵਿਕਟੋਰੀਅਨ ਅਰਲੀ ਯੀਅਰਜ਼ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ (VEYLDF) ਦੀ ਵਰਤੋਂ ਸਿੱਖਣ ਦੇ ਅਨੁਭਵ ਬਨਾਉਣ ਲਈ ਕੀਤੀ ਜਾਂਦੀ ਹੈ ਜੋ ਤੁਹਾਡੇ ਬੱਚੇ ਨੂੰ ਸਿੱਖਣ ਅਤੇ ਵਿਕਾਸ ਦੇ ਪੰਜ ਨਤੀਜਿਆਂ ਵਿੱਚ ਅੱਗੇ ਵਧਣ-ਫੁੱਲਣ ਵਿੱਚ ਸਹਾਇਤਾ ਕਰਦੇ ਹਨ। ਇਹ ਪੰਜ ਨਤੀਜੇ ਹਨ:
- ਪਛਾਣ
- ਸਿੱਖਣਾ
- ਭਾਈਚਾਰਾ
- ਸੰਚਾਰ
- ਭਲਾਈ
ਗਤੀਵਿਧੀ ਬਾਕਸ
ਗਤੀਵਿਧੀ ਬਾਕਸ ਸਿਰਫ਼ ਕਿਤਾਬਾਂ ਅਤੇ ਖਿਡੌਣੇ ਚੁੱਕਣ ਵਾਲੇ ਡੱਬੇ ਤੋਂ ਕਿਤੇ ਵੱਧ ਹੈ। ਇਹ ਕਈ ਤਰੀਕਿਆਂ ਨਾਲ ਸਿੱਖਣ ਅਤੇ ਵਿਕਾਸ ਦਾ ਸਮਰਥਨ ਕਰਨ ਲਈ ਵਰਤਿਆ ਜਾ ਸਕਦਾ ਹੈ।
- ਦੋਸਤਾਂ ਅਤੇ ਪਰਿਵਾਰ ਨਾਲ ਪਿਕਨਿਕ ਜਾਂ ਸੈਰ ਕਰਨ ਲਈ ਜਾਣ ਵੇਲੇ ਗਤੀਵਿਧੀ ਬਾਕਸ ਨਾਲ ਲਓ
- ਪਲੇਅਡੋ ਚਟਾਈ
- ਖੇਡਣ ਲਈ ਇੱਕ ਥੰਮ੍ਹੀ
ਕੀ ਤੁਸੀਂ ਜਾਣਦੇ ਹੋ? ਇਸ ਗਤੀਵਿਧੀ ਬਾਕਸ ਨੂੰ ਵਾਤਾਵਰਣ ਲਈ ਅਨੁਕੂਲ ਉਤਪਾਦ ਬਣਨ ਲਈ ਤਿਆਰ ਕੀਤਾ ਗਿਆ ਹੈ। ਇਹ ਰੀਸਾਈਕਲ ਕੀਤੀ ਸਮੱਗਰੀ ਦਾ ਬਣਿਆ ਹੈ ਜਿੱਥੇ ਸੰਭਵ ਹੋਵੇ ਅਤੇ ਤੁਹਾਡੇ ਬੱਚੇ ਦੇ ਖੇਡਣ ਵਾਲੇ ਖਜ਼ਾਨਿਆਂ ਨੂੰ ਸਟੋਰ ਕਰਨ ਲਈ ਦੁਬਾਰਾ ਵਰਤਿਆ ਜਾ ਸਕਦਾ ਹੈ। ਕਿੱਟ ਨੂੰ ਇੱਕ ਈਜ਼ਲ ਵਿੱਚ ਲਪੇਟੋ ਜਾਂ ਕਿੱਟ ਨੂੰ ਸਮਤਲ ਰੱਖੋ ਤਾਂ ਕਿ ਹਰੇ ਪਾਸੇ ਨੂੰ ਕਲਪਨਾਤਮਕ ਖੇਡ ਲਈ ਵਰਤਿਆ ਜਾ ਸਕੇ।
ਚਾਕ, ਬੋਰਡ ਅਤੇ ਡਸਟਰ
ਚਾਕਬੋਰਡ ਅਤੇ ਚਾਕ ਰਚਨਾਤਮਕਤਾ ਅਤੇ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਦੇ ਹੁਨਰਾਂ ਦੇ ਵਿਕਾਸ ਲਈ ਬਹੁਤ ਵਧੀਆ ਹਨ ਕਿਉਂਕਿ ਬੱਚੇ ਚਾਕ ਨੂੰ ਹੱਥ ਵਿੱਚ ਫੜ੍ਹਦੇ ਹਨ। ਚਾਕਬੋਰਡ ਨੂੰ ਚਾਕ ਨਾਲ ਇਸ 'ਤੇ ਕੁੱਝ ਵਾਹੁਣ ਲਈ ਸਤਹ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਅਤੇ ਪਲੇਅਡੋ ਨਾਲ ਆਕਾਰ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
- ਬਾਹਰ ਕੋਈ ਜਗ੍ਹਾ ਲੱਭੋ ਅਤੇ ਜੋ ਤੁਸੀਂ ਆਪਣੇ ਆਲੇ-ਦੁਆਲੇ ਦੇਖਦੇ ਹੋ ਉਸਨੂੰ ਉਲੀਕੋ
- ਆਪਣੀ ਕਲਪਨਾ ਦਾ ਸੰਸਾਰ ਬਣਾਉਣ ਲਈ ਚਾਕ ਦੀ ਵਰਤੋਂ ਕਰੋ
- ਆਪਣਾ ਨਾਮ ਲਿਖਣ ਦਾ ਅਭਿਆਸ ਕਰੋ
- ਰਗੜਨ ਦੀ ਕਲਾ ਦਾ ਨਿਰਮਾਣ ਕਰਨ ਲਈ ਡਸਟਰ 'ਤੇ ਬਣੇ ਕੋਆਲਾ ਦੀ ਵਰਤੋਂ ਕਰੋ। ਕੋਆਲਾ ਨੂੰ ਕਿਸੇ ਕਾਗਜ਼ ਦੇ ਹੇਠਾਂ ਰੱਖੋ ਅਤੇ ਚਾਕ ਨਾਲ ਹਲਕਾ ਜਿਹਾ ਰਗੜੋ
ਕੀ ਤੁਸੀਂ ਜਾਣਦੇ ਹੋ? ਚਾਕ ਡਸਟਰ ਵਿੱਚ ਆਸਟ੍ਰੇਲੀਆਈ ਪੈਸਾ ਬਣਾਉਣ ਵਿੱਚੋਂ ਬਚਿਆ ਰੀਸਾਈਕਲ ਕੀਤਾ ਪਲਾਸਟਿਕ ਹੁੰਦਾ ਹੈ।
ਬੀਜ
ਬੱਚਿਆਂ ਨਾਲ ਬੀਜ ਬੀਜਣਾ ਬਹੁਤ ਹੀ ਵਧੀਆ, ਵਿਗਿਆਨ-ਆਧਾਰਿਤ ਸਿੱਖਣ ਦਾ ਤਜ਼ਰਬਾ ਹੈ ਜੋ ਉਹਨਾਂ ਨੂੰ ਕੁਦਰਤੀ ਸੰਸਾਰ ਦੇ ਅਜੂਬੇ ਨੂੰ ਦੇਖਣ ਦੀ ਆਗਿਆ ਦਿੰਦਾ ਹੈ। ਉਹ ਕੁਦਰਤ ਬਾਰੇ ਸਿੱਖਣਗੇ, ਭਾਸ਼ਾ ਸੰਰਚਨਾ ਅਤੇ ਸਧਾਰਨ ਹਿਦਾਇਤਾਂ ਦੀ ਪਾਲਣਾ ਕਰਨਾ ਸਿੱਖਣਗੇ। ਉਹ ਸਮੇਂ ਦੇ ਨਾਲ ਚੀਜ਼ਾਂ ਦਾ ਨਿਰੀਖਣ ਕਰਨਾ ਵੀ ਸਿੱਖਣਗੇ।
- ਪੌਦਿਆਂ ਬਾਰੇ ਗੱਲ ਕਰੋ ਅਤੇ ਉਹਨਾਂ ਦੇ ਹਿੱਸਿਆਂ ਦਾ ਨਾਮ ਦੱਸੋ
- ਇਹਨਾਂ ਨੂੰ ਇਕੱਠਿਆਂ ਹੋ ਕੇ ਲਗਾਓ
- ਪੌਦੇ ਦੇ ਜੀਵਨ ਚੱਕਰ ਬਾਰੇ ਜਾਣੋ
- ਦੁਕਾਨਾਂ 'ਤੇ ਫਲ਼ਾਂ ਅਤੇ ਸਬਜ਼ੀਆਂ ਦੇ ਨਾਮ ਦੱਸੋ
ਕੀ ਤੁਸੀਂ ਜਾਣਦੇ ਹੋ? ਅਲਫਾਲਫਾ, ਮਟਰ ਪਰਿਵਾਰ ਦੀ ਇਕ ਫ਼ਲੀ ਹੈ ਅਤੇ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੈ। ਜਦੋਂ ਪੌਦੇ ਦੇ ਪੱਤੇ ਜ਼ਖਮੀ ਹੋ ਜਾਂਦੇ ਹਨ ਤਾਂ ਇਹ ਭੂੰਡੀਆਂ ਨੂੰ ਸੰਕੇਤ ਭੇਜਦਾ ਹੈ ਜੋ ਉਹਨਾਂ ਨੂੰ ਇਸ ਨੂੰ ਦੁਬਾਰਾ ਪਰਾਗਣ ਕਰਨ ਵਿੱਚ ਮੱਦਦ ਕਰਨ ਲਈ ਕਹਿੰਦਾ ਹੈ। ਤੁਸੀਂ ਇਸਨੂੰ ਆਪਣਾ ਖਾਣਾ ਪਕਾਉਣ ਵਿੱਚ ਵੀ ਵਰਤ ਸਕਦੇ ਹੋ!
ਜਾਨਵਰਾਂ ਨੂੰ ਧਾਗੇ ਵਿੱਚ ਪਿਰੋਣਾ
ਸ਼ੁਰੂਆਤੀ ਬਚਪਨ ਓਦੋਂ ਹੁੰਦਾ ਹੈ ਜਦੋਂ ਬੱਚੇ ਆਪਣੇ ਹੱਥਾਂ, ਉਂਗਲਾਂ, ਗੁੱਟਾਂ, ਪੈਰਾਂ ਅਤੇ ਪੰਜਿਆਂ ਵਿਚਲੀਆਂ ਛੋਟੀਆਂ ਮਾਸਪੇਸ਼ੀਆਂ ਉੱਤੇ ਵਧੇਰੇ ਕਾਬੂ ਪਾਉਣਾ ਸ਼ੁਰੂ ਕਰ ਦਿੰਦੇ ਹਨ। ਹੱਥਾਂ ਅਤੇ ਉਂਗਲਾਂ ਵਿੱਚ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਦਾ ਵਿਕਾਸ ਕਰਨਾ ਬੱਚਿਆਂ ਦੀ ਸਵੈ-ਸੰਭਾਲ ਲਈ ਅਤੇ ਬਾਅਦ ਵਿੱਚ, ਲਿਖਣ ਲਈ ਮਹੱਤਵਪੂਰਨ ਹੈ। ਤੁਹਾਡਾ ਬੱਚਾ ਖੇਡਣ ਵਾਲੇ ਆਟੇ (ਪਲੇਅਡੋ), ਕ੍ਰੇਅਨ ਜਾਂ ਜਾਨਵਰਾਂ ਨੂੰ ਧਾਗੇ ਵਿੱਚ ਪਿਰੋਣ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਬਾਅਦ ਵਿੱਚ, ਲਿਖਣ ਲਈ ਕੰਮ ਆਉਣ ਲਈ ਆਪਣੇ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਦੇ ਹੁਨਰਾਂ ਦਾ ਵਿਕਾਸ ਕਰ ਸਕਦਾ ਹੈ। ਇੱਥੇ ਕੁੱਝ ਤਰੀਕੇ ਦਿੱਤੇ ਜਾ ਰਹੇ ਹਨ ਜਿੰਨ੍ਹਾਂ ਨਾਲ ਤੁਸੀਂ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਹੁਨਰਾਂ ਦਾ ਅਭਿਆਸ ਕਰ ਸਕਦੇ ਹੋ:
- ਜਾਨਵਰ ਨੂੰ ਮੋਰੀਆਂ ਰਾਹੀਂ ਗੋਟੇ ਨਾਲ ਬੰਨ੍ਹੋ
- ਗਤੀਵਿਧੀ ਵਾਲੇ ਡੱਬੇ ਨੂੰ ਖੋਲ੍ਹੋ ਅਤੇ ਬੰਦ ਕਰੋ
- ਜ਼ਿੱਪਾਂ ਜਾਂ ਬਟਨਾਂ ਨੂੰ ਬੰਦ ਕਰਨ ਦਾ ਅਭਿਆਸ ਕਰੋ
- ਹੱਥਾਂ ਅਤੇ ਉਂਗਲਾਂ ਨਾਲ ਪਲੇਅਡੋ ਨੂੰ ਰੋਲ ਕਰੋ
ਕੀ ਤੁਸੀਂ ਜਾਣਦੇ ਹੋ? ਲਗਭਗ 3000 ਬੀ.ਸੀ. ਤੋਂ ਲੈ ਕੇ ਚਮੜੇ ਨੂੰ ਪੈਰਾਂ ਨਾਲ ਬੰਨ੍ਹਣ ਲਈ ਬੂਟਾਂ ਵਾਲੇ ਤਸਮਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਆਸਟ੍ਰੇਲੀਆਈ ਨਕਸ਼ੇ ਦੀ ਬੁਝਾਰਤ
ਸਧਾਰਨ ਬੁਝਾਰਤਾਂ ਤੁਹਾਡੇ ਬੱਚੇ ਨੂੰ ਧੀਰਜ, ਇਕਾਗਰਤਾ, ਸਮੱਸਿਆ ਹੱਲ ਕਰਨ ਅਤੇ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਦੇ ਹੁਨਰ ਵਿਕਸਿਤ ਕਰਨ ਵਿੱਚ ਮੱਦਦ ਕਰਦੀਆਂ ਹਨ। ਜਿਵੇਂ ਹੀ ਤੁਹਾਡਾ ਬੱਚਾ ਬੁਝਾਰਤ ਦਾ ਸਾਹਮਣਾ ਕਰਦਾ ਹੈ, ਉਹ ਚੋਣਾਂ ਕਰਦੇ ਹਨ, ਆਕਾਰਾਂ ਨੂੰ ਪਛਾਣਦੇ ਹਨ ਅਤੇ ਆਪਣੀ ਯਾਦਦਾਸ਼ਤ ਦੀ ਵਰਤੋਂ ਕਰਦੇ ਹਨ।
- ਬੁਝਾਰਤ ਨੂੰ ਪੂਰਾ ਕਰਨ ਲਈ ਅਜ਼ਮਾਇਸ਼ ਅਤੇ ਗਲਤੀ ਤਰੀਕੇ ਦੀ ਵਰਤੋਂ ਕਰਕੇ ਲਚਕੀਲੇਪਣ ਦਾ ਅਭਿਆਸ ਕਰੋ
- ਜਾਨਵਰਾਂ ਬਾਰੇ ਗੱਲ ਕਰੋ
- ਵਾਰੀਆਂ ਲੈ ਕੇ ਪੜਚੋਲ ਕਰੋ
- ਬੱਚਿਆਂ ਨੂੰ ਆਕਾਰਾਂ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰੋ ਅਤੇ ਜੇਕਰ ਉਹ ਇਕੱਠੇ ਫਿੱਟ ਹੋ ਜਾਂਦੇ ਹਨ
ਕੀ ਤੁਸੀਂ ਜਾਣਦੇ ਹੋ? ਈਕਿਡਨਾ ਅਤੇ ਪਲੈਟਿਪਸ ਸੰਸਾਰ ਵਿੱਚ ਇੱਕੋ ਇੱਕ ਅਜਿਹੇ ਥਣਧਾਰੀ ਜੀਵ ਹਨ ਜੋ ਅੰਡੇ ਦਿੰਦੇ ਹਨ।
ਮੋਮੀ ਰੰਗਾਂ ਵਾਲੀਆਂ ਪੈਨਸਿਲਾਂ (ਕਰੇਓਨ) ਅਤੇ ਚਿੱਤਰ ਉਲੀਕਣ ਵਾਲੀ ਕਾਪੀ
ਰੰਗਾਂ ਵਾਲੀਆਂ ਪੈਨਸਿਲਾਂ (ਕਰੇਓਨ) ਨਾਲ ਡਰਾਇੰਗ ਬਨਾਉਣਾ ਸਿੱਖਣ ਦੇ ਬਹੁਤ ਸਾਰੇ ਤਰੀਕੇ ਪ੍ਰਦਾਨ ਕਰਦਾ ਹੈ:
- ਪੈਨਸਿਲ ਫੜ੍ਹਨ ਵਰਗੀਆਂ ਕੋਮਲ ਮੋਟਰ ਮੁਹਾਰਤਾਂ ਵਿੱਚ ਸੁਧਾਰ ਕਰਨਾ
- ਹੱਥ ਅਤੇ ਅੱਖ ਦਾ ਤਾਲਮੇਲ
- ਰੰਗ ਅਤੇ ਸ਼ਕਲ ਬਾਰੇ ਸਿੱਖਣਾ
- ਕਾਗਜ਼ ਅਤੇ ਹੋਰ ਸਮੱਗਰੀਆਂ ਨਾਲ ਸਿਰਜਣਾਤਮਕਤਾ ਦਾ ਪ੍ਰਗਟਾਵਾ ਕਰਨਾ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੱਚੇ ਆਪਣੇ ਆਪ ਨੂੰ ਸੁਰੱਖਿਅਤ ਤਰੀਕੇ ਅਤੇ ਆਤਮ-ਵਿਸ਼ਵਾਸ ਨਾਲ ਪ੍ਰਗਟ ਕਰਨਾ ਸਿੱਖਣਗੇ। ਹੋ ਸਕਦਾ ਹੈ ਕਿ ਕੁੱਝ ਬੱਚੇ ਅਜਿਹੇ ਚਿੰਨ੍ਹ ਬਣਾ ਰਹੇ ਹੋਣ ਜੋ ਤੁਹਾਡੇ ਲਈ ਅਣਜਾਣ ਹਨ ਅਤੇ ਇਹ ਠੀਕ ਹੈ। ਇਹ ਤਸਵੀਰ ਵਾਹੁਣਾ ਅਤੇ ਲਿਖਣਾ ਸਿੱਖਣ ਦਾ ਕੁਦਰਤੀ ਤਰੀਕਾ ਹੈ।
- ਵਿਚਾਰਾਂ ਨੂੰ ਪ੍ਰੇਰਿਤ ਕਰਨ ਲਈ ਆਰਟ ਪੈਡ (ਕਲਾ ਵਾਲੀ ਕਾਪੀ) ਦੀ ਵਰਤੋਂ ਕਰੋ
- ਪਰਿਵਾਰ ਦੇ ਤਸਵੀਰਾਂ ਵਾਹੁਣ ਦੇ ਤਜ਼ਰਬਿਆਂ ਨੂੰ ਉਤਸ਼ਾਹਿਤ ਕਰੋ
- ਜਦੋਂ ਤੁਸੀਂ ਵਾਹ ਰਹੇ ਹੁੰਦੇ ਹੋ ਤਾਂ ਨਾਲ-ਨਾਲ ਗੱਲ ਕਰੋ
- ਰੰਗਾਂ ਅਤੇ ਆਕਾਰਾਂ ਦਾ ਨਾਮ
ਕੀ ਤੁਸੀਂ ਜਾਣਦੇ ਹੋ? ਕ੍ਰੇਅਨ ਮਧੂਮੱਖੀਆਂ ਦੀ ਮੋਮ ਤੋਂ ਬਣੇ ਹੁੰਦੇ ਹਨ, ਜੋ ਵਿਕਟੋਰੀਆਈ ਮਧੂਮੱਖੀਆਂ ਦੁਆਰਾ ਬਣਾਏ ਸ਼ਹਿਦ ਤੋਂ ਆਉਂਦਾ ਹੈ। ਜਦੋਂ ਸ਼ਹਿਦ ਵਾਲੀਆਂ ਮੱਖੀਆਂ ਬਗੀਚੇ ਵਿੱਚ ਹੁੰਦੀਆਂ ਹਨ ਅਤੇ ਕੁੱਝ ਅਜਿਹਾ ਲੱਭ ਲੈਂਦੀਆਂ ਹਨ ਜੋ ਉਨ੍ਹਾਂ ਦੇ ਪਰਿਵਾਰ ਲਈ ਮਹੱਤਵਪੂਰਨ ਹੈ ਤਾਂ ਉਹ ਛੱਤੇ 'ਤੇ ਵਾਪਸ ਜਾਂਦੀਆਂ ਹਨ ਅਤੇ ਥੋੜ੍ਹਾ ਜਿਹਾ ਵਿਗਲ ਡਾਂਸ ਕਰਦੀਆਂ ਹਨ।
ਸ਼ੇਪ ਸ਼ੈਕਰਸ
ਸੰਗੀਤ ਬਣਾਉਣਾ ਬੱਚਿਆਂ ਲਈ ਨਵੇਂ ਸ਼ਬਦ ਸਿੱਖਣ, ਗੀਤ ਗਾਉਣ, ਗਿਣਨਾ ਸਿੱਖਣ ਅਤੇ ਆਪਣੇ ਬਾਰੇ ਚੰਗਾ ਮਹਿਸੂਸ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਹੈ। ਨੱਚਣਾ, ਗਾਉਣਾ, ਹਿੱਲਣਾ ਅਤੇ ਉੱਛਲਣਾ ਸਾਰੇ ਹੀ ਮਜ਼ੇ ਦਾ ਹਿੱਸਾ ਹਨ। ਆਪਣੇ ਬੱਚੇ ਨਾਲ ਸੰਗੀਤ ਦਾ ਮਜ਼ਾ ਲੈਣ ਲਈ ਇੱਥੇ ਕੁੱਝ ਨੁਕਤੇ ਦੱਸੇ ਗਏ ਹਨ:
- ਵੱਖ-ਵੱਖ ਤਾਲਾਂ ਬਣਾਉਣ ਦਾ ਪ੍ਰਯੋਗ ਕਰੋ
- ਆਪਣੇ ਪਸੰਦੀਦਾ ਗਾਣੇ 'ਤੇ ਨੱਚੋ, ਹਿੱਲੋ ਅਤੇ ਟੱਪੋ
- ਤਾਲ ਨੂੰ ਗਿਣੋ
- ਆਪਣੇ ਬੱਚੇ ਦੀ ਸ਼ਬਦਾਵਲੀ ਬਣਾਉਣ ਲਈ ਗੀਤਾਂ ਜਾਂ ਤੁਕਾਂ ਦੀ ਵਰਤੋਂ ਕਰੋ
ਕੀ ਤੁਸੀਂ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ? ਬਹੁਤ ਸਾਰੇ ਸੱਭਿਆਚਾਰ ਸੋਕੇ ਦੇ ਸਮੇਂ ਮੀਂਹ ਲਿਆਉਣ ਲਈ ਇੱਕ ਸੰਗੀਤ ਸਾਧਨ ਵਜੋਂ ਰੇਨਸਟਿਕਸ ਦੀ ਵਰਤੋਂ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਖੇਡਣ ਵਾਲੀ ਮਿੱਟੀ (ਪਲੇਅ ਡੋਅ)
ਜਦੋਂ ਤੁਹਾਡਾ ਬੱਚਾ ਕੁੱਝ ਬਣਾਉਣ ਲਈ ਖੇਡਣ ਵਾਲੀ ਮਿੱਟੀ (ਪਲੇਅ ਡੋਅ) ਦੀ ਵਰਤੋਂ ਕਰ ਰਿਹਾ ਹੁੰਦਾ ਹੈ, ਤਾਂ ਉਹ ਬਹੁਤ ਸਾਰੀਆਂ ਬਹੁਤ ਮਹੱਤਵਪੂਰਨ ਚੀਜ਼ਾਂ ਕਰ ਰਿਹਾ ਹੁੰਦਾ ਹੈ:
- ਕੋਮਲ ਮਾਸ ਪੇਸ਼ੀਆਂ ਵਿੱਚ ਸੁਧਾਰ ਕਰਨਾ
- ਪੜਚੋਲ ਕਰਨ ਲਈ ਆਪਣੀਆਂ ਸੰਵੇਦਨਾਵਾਂ ਦੀ ਵਰਤੋਂ ਕਰਨਾ
- ਆਪਣੀ ਕਲਪਨਾ ਦੀ ਵਰਤੋਂ ਕਰਨਾ।
ਖੇਡਣ ਵਾਲੀ ਮਿੱਟੀ (ਪਲੇਅ ਡੋਅ) ਨਾਲ ਸਿਰਜਣਾ ਕਰਨਾ ਤੁਹਾਡੇ ਬੱਚੇ ਲਈ ਸਿੱਖਣ ਦਾ ਮਹੱਤਵਪੂਰਨ ਹਿੱਸਾ ਹੈ।
- ਗੇਂਦ ਵਾਂਗ ਬਣਾਓ, ਇਸ ਨੂੰ ਜ਼ੋਰ ਦੀ ਮਾਰੋ, ਇਸ ਨੂੰ ਗੁੰਨ੍ਹੋ, ਇਸ ਨੂੰ ਦਬਾਓ
- ਡਸਟਰ 'ਤੇ ਲੱਗੇ ਕੋਆਲਾ ਨੂੰ ਸਟੈਂਪ (ਮੋਹਰ) ਵਜੋਂ ਵਰਤੋ
- ਹੋਰ ਵਸਤੂਆਂ ਸ਼ਾਮਲ ਕਰੋ ਜਿਵੇਂ ਕਿ ਡੰਡੀਆਂ ਜਾਂ ਖੰਭ ਜਾਂ ਸ਼ੈੱਲ
- ਜੋ ਤੁਸੀਂ ਲੱਭ ਸਕਦੇ ਹੋ ਉਸ ਨਾਲ ਨਮੂਨੇ ਬਣਾਓ
ਕੀ ਤੁਸੀਂ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ? ਖੇਡਣ ਵਾਲੀ ਮਿੱਟੀ (ਪਲੇਅ ਡੋਅ) ਘਰ ਵਿੱਚ ਬਣਾਉਣੀ ਆਸਾਨ ਹੈ ਅਤੇ ਇੰਟਰਨੈੱਟ 'ਤੇ ਬਹੁਤ ਸਾਰੀਆਂ ਬਨਉਣ ਵਾਲੀਆਂ ਵਿਧੀਆਂ ਮੌਜੂਦ ਹਨ। ਆਪਣੀ ਖੁਦ ਦੀ ਪਲੇਅ ਡੋਅ ਨੂੰ ਇਕੱਠਿਆਂ ਬਨਾਉਣਾ ਮੁੱਢਲੇ ਗਣਿਤ ਤੋਂ ਲੈ ਕੇ ਮੁੱਢਲੇ ਵਿਗਿਆਨ ਤੱਕ ਸਭ ਕੁੱਝ ਸਿਖਾਉਣ ਲਈ ਇੱਕ ਮਜ਼ੇਦਾਰ ਸਿੱਖਣ ਦੀ ਗਤੀਵਿਧੀ ਹੈ।
ਬੱਚਿਆਂ ਦੀਆਂ ਕਿਤਾਬਾਂ
ਇਕੱਠਿਆਂ ਕਿਤਾਬਾਂ ਪੜ੍ਹਨਾ ਇੱਕ ਪਰਿਵਾਰ ਵਜੋਂ ਮੋਹ ਪਾਉਣਅਤੇ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੈ। ਇਹ ਸਾਖਰਤਾ ਵਿਕਾਸ ਦਾ ਸਮਰਥਨ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿੱਚੋਂ ਇੱਕ ਹੈ। ਆਪਣੇ ਬੱਚੇ ਨਾਲ ਕਹਾਣੀ ਵਾਲੇ ਸਮੇਂ ਨੂੰ ਬਕਾਇਦਾ ਸਾਂਝਾ ਕਰਨਾ ਉਸ ਦੀ ਕਲਪਨਾ ਅਤੇ ਸ਼ਬਦਾਵਲੀ ਵਿੱਚ ਸੁਧਾਰ ਕਰੇਗਾ।
- ਇਕੱਠਿਆਂ ਇਕ ਕਿਤਾਬ ਚੁਣੋ
- ਬੈਠਣ ਅਤੇ ਪੜ੍ਹਨ ਲਈ ਕੋਈ ਆਰਾਮਦਾਇਕ ਜਗ੍ਹਾ ਲੱਭੋ
- ਉਨ੍ਹਾਂ ਨੂੰ ਪੰਨੇ ਪਲਟਣ ਦਿਓ
- ਪਾਤਰਾਂ ਲਈ ਵੱਖ-ਵੱਖ ਆਵਾਜ਼ਾਂ ਦੀ ਵਰਤੋਂ ਕਰੋ, ਤਸਵੀਰਾਂ ਬਾਰੇ ਗੱਲ ਕਰੋ
ਕੀ ਤੁਸੀਂ ਜਾਣਦੇ ਹੋ? ਓਹੀ ਕਿਤਾਬਾਂ ਨੂੰ ਅਕਸਰ ਪੜ੍ਹਨਾ ਕੀਮਤੀ ਹੁੰਦਾ ਹੈ ਅਤੇ ਨਾ ਕਿ ਸਿਰਫ਼ ਕਹਾਣੀ 'ਤੇ ਧਿਆਨ ਕੇਂਦਰਿਤ ਕਰਨਾ। ਆਪਣੇ ਬੱਚੇ ਨੂੰ ਪੁੱਛੋ ਕਿ ਉਹ ਕੀ ਵੇਖਦੇ ਹਨ, ਤਸਵੀਰਾਂ ਬਾਰੇ ਗੱਲ ਕਰੋ ਅਤੇ ਪੁੱਛੋ 'ਮੈਂ ਸੋਚ ਰਿਹਾ ਕਿ ਅੱਗੇ ਕੀ ਹੋਵੇਗਾ?'
ਉਂਗਲੀਆਂ ਦੀਆਂ ਕਠਪੁਤਲੀਆਂ
ਉਂਗਲੀਆਂ ਦੀਆਂ ਕਠਪੁਤਲੀਆਂ ਬੱਚਿਆਂ ਨੂੰ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ, ਭਾਵਨਾਵਾਂ ਦੀ ਪੜਚੋਲ ਕਰਨ, ਅਤੇ ਨਾਟਕੀ ਖੇਡ ਰਾਹੀਂ ਉਹਨਾਂ ਨੂੰ ਸੰਭਲਣ ਦੇ ਤਰੀਕੇ ਸਿੱਖਣ ਵਿੱਚ ਮੱਦਦ ਕਰ ਸਕਦੀਆਂ ਹਨ। ਕਹਾਣੀ ਸੁਣਾਉਣਾ ਅਤੇ ਭੂਮਿਕਾ ਨਿਭਾਉਣਾ ਇਸ ਗੱਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕਿ ਬੱਚੇ ਸੰਸਾਰ ਅਤੇ ਆਪਣੇ ਆਪ ਨੂੰ ਕਿਵੇਂ ਸਮਝਦੇ ਹਨ।
- ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਜਾਨਵਰਾਂ ਦੇ ਨਾਮ ਦੱਸੋ
- ਪਾਤਰ ਬਣਾਓ
- ਕਹਾਣੀਆਂ ਘੜੋ
- ਘਰ ਦੇ ਅੰਦਰ ਅਤੇ ਬਾਹਰ ਕਠਪੁਤਲੀਆਂ ਦੀ ਵਰਤੋਂ ਕਰੋ
ਕੀ ਤੁਸੀਂ ਜਾਣਦੇ ਹੋ? ਤੁਸੀਂ ਹਰੇਕ ਕਠਪੁਤਲੀ ਲਈ ਵੱਖੋ ਵੱਖਰੀਆਂ ਆਵਾਜ਼ਾਂ ਬਣਾ ਸਕਦੇ ਹੋ, ਇਸਨੂੰ ਰਚਨਾਤਮਕ ਖੇਡ ਦਾ ਆਨੰਦ ਲੈਣ ਦਾ ਇੱਕ ਮਜ਼ੇਦਾਰ ਤਰੀਕਾ ਬਣਾਉਂਦੇ ਹੋਏ।
ਸੰਤੁਲਨ ਮਣਕੇ
ਸੰਤੁਲਿਤ ਮਣਕੇ ਰਚਨਾਤਮਕ ਖੇਡ ਨੂੰ ਉਤਸ਼ਾਹਿਤ ਕਰਦੇ ਹਨ। ਜਦੋਂ ਇੱਕ ਦੂਜੇ ਦੇ ਉੱਪਰ ਰੱਖਣ ਅਤੇ ਖੜ੍ਹਵਾਂ ਢਾਂਚਾ ਬਣਾਉਣ ਲਈ ਵਰਤੇ ਜਾਂਦੇ ਹਨ, ਤਾਂ ਮਣਕਿਆਂ ਦੇ ਵੱਖੋ-ਵੱਖਰੇ ਕੋਣ ਅਤੇ ਆਕਾਰ ਸਮੱਸਿਆ-ਹੱਲ ਕਰਨ, ਸਥਾਨਿਕ ਜਾਗਰੂਕਤਾ ਅਤੇ ਛੋਟੀਆਂ ਮਾਸਪੇਸ਼ੀਆਂ ਦੇ ਤਾਲਮੇਲ ਦੇ ਹੁਨਰ ਨੂੰ ਉਤਸ਼ਾਹਿਤ ਕਰਦੇ ਹਨ।
- ਇਕੱਲੇ ਬਣਾਓ ਜਾਂ ਦੂਜੇ ਬਲਾਕਾਂ ਅਤੇ ਡੱਬਿਆਂ ਦੇ ਨਾਲ ਮਿਲਾਕੇ ਬਣਾਓ
- ਮਣਕਿਆਂ ਨੂੰ ਇੱਕ ਦੂਜੇ ਉੱਪਰ ਰੱਖਕੇ ਉਸਾਰੀ ਕਰਦੇ ਸਮੇਂ ਧੀਰਜ ਰੱਖੋ। ਜੇਕਰ ਉਹ ਡਿੱਗ ਜਾਂਦੇ ਹਨ, ਤਾਂ 3 ਡੂੰਘੇ ਸਾਹ ਲਓ ਅਤੇ ਦੁਬਾਰਾ ਕੋਸ਼ਿਸ਼ ਕਰੋ
- ਮਣਕਿਆਂ ਨਾਲ ਵੱਖ-ਵੱਖ ਸੰਸਾਰ ਬਣਾਉਣ ਲਈ ਆਪਣੀ ਕਲਪਨਾ ਦੀ ਵਰਤੋਂ ਕਰੋ
- ਆਕਾਰ, ਸਾਈਜ਼ ਅਤੇ ਰੰਗ ਬਾਰੇ ਵਿਆਖਿਆਤਮਿਕ ਭਾਸ਼ਾ ਦੀ ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ? ਵਿਕਟੋਰੀਆ ਵਿੱਚ ਲਾਲ ਮਣੀ, ਪੁਖਰਾਜ ਅਤੇ ਜ਼ਰਕਨ ਵਰਗੇ ਰਤਨ ਪਾਏ ਗਏ ਸਨ।
ਭਾਈਚਾਰੇ ਦਾ ਨਿਰਮਾਣ ਕਰਨਾ
ਵਿਕਟੋਰੀਆ ਇੱਕ ਵੰਨ-ਸੁਵੰਨਾ ਭਾਈਚਾਰਾ ਹੈ, ਜੋ ਬਹੁਤ ਸਾਰੇ ਸਭਿਆਚਾਰਾਂ ਅਤੇ ਵੱਖ-ਵੱਖ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦਾ ਘਰ ਹੈ। ਵੰਨ-ਸੁਵੰਨਤਾ ਇੱਕ ਵੱਡਾ ਹਿੱਸਾ ਹੈ ਜੋ ਸਾਨੂੰ ਉਹ ਬਣਾਉਂਦਾ ਹੈ ਕਿ ਅਸੀਂ ਕੌਣ ਹਾਂ। ਕਿੱਟ ਵਿਚਲੀਆਂ ਚੀਜ਼ਾਂ ਵਿਭਿੰਨ ਭਾਈਚਾਰਿਆਂ ਬਾਰੇ ਗੱਲਾਂਬਾਤਾਂ ਕਰਨ ਵਿੱਚ ਸਹਿਯੋਗ ਕਰਦੀਆਂ ਹਨ। ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਖੇਡਣਾ ਉਹ ਚੀਜ਼ ਹੈ ਜਿਸ ਨਾਲ ਬੱਚੇ ਆਪਣੇ ਆਪ ਨੂੰ ਖੋਜਦੇ ਅਤੇ ਸਿੱਖਦੇ ਹਨ।
- ਖੇਡਣ ਵਾਲੀ ਮਿੱਟੀ (ਪਲੇਅ ਡੋਅ) ਦੀ ਵਰਤੋਂ ਹੋਰਨਾਂ ਹੋਰ ਸੱਭਿਆਚਾਰਾਂ, ਜਾਂ ਆਪਣੇ ਖੁਦ ਦੇ ਸੱਭਿਆਚਾਰ ਤੋਂ ਭੋਜਨ ਬਣਾਉਣ ਦਾ ਦਿਖਾਵਾ ਕਰਨ ਦੀ ਖੇਡ ਖੇਡਣ ਲਈ ਕਰੋ
- ਹੋਰਨਾਂ ਸੱਭਿਆਚਾਰਾਂ, ਜਾਂ ਤੁਹਾਡੇ ਆਪਣੇ ਖੁਦ ਦੇ ਰਵਾਇਤੀ ਸੰਗੀਤ ਨੂੰ ਸੁਣਦੇ ਸਮੇਂ ਸ਼ੇਪ ਸ਼ੇਕਰਸ ਨੂੰ ਹਿਲਾਓ
- ਆਪਣੇ ਬੱਚੇ ਨਾਲ ਹੋਰਨਾਂ ਦੇਸ਼ਾਂ ਅਤੇ ਉਹਨਾਂ ਦੇ ਜੱਦੀ ਜਾਨਵਰਾਂ ਬਾਰੇ ਗੱਲ ਕਰੋ
ਕੀ ਤੁਸੀਂ ਜਾਣਦੇ ਹੋ? ਤੁਸੀਂ ਇੱਥੇ ਕਈ ਭਾਸ਼ਾਵਾਂ ਵਿੱਚ ਗਾਈਡ ਤੱਕ ਪਹੁੰਚ ਕਰ ਸਕਦੇ ਹੋ: vic.gov.au/kinder/translations(opens in a new window).
ਔਸਲਾਨ ਵਿੱਚ ਕਿਤਾਬਾਂ
2024 ਦੀ ਕਿੰਡਰ ਕਿੱਟ ਵਿੱਚ ਸ਼ਾਮਲ ਸਾਰੀਆਂ ਕਿਤਾਬਾਂ ਦੇ ਔਸਲਾਨ ਵਿੱਚ ਅਨੁਵਾਦ ਉਪਲਬਧ ਹਨ। ਤੁਸੀਂ ਕਿਤਾਬਾਂ ਦੇ ਵੀਡੀਓ ਨਾਲ ਲਿੰਕ ਕਰਨ ਲਈ ਹੇਠਾਂ ਦਿੱਤੇ QR ਕੋਡ ਦੀ ਵਰਤੋਂ ਕਰ ਸਕਦੇ ਹੋ। ਔਸਲਾਨ ਅਤੇ ਸਿਰਲੇਖ ਵੀ ਵੀਡੀਓ ਦੇ ਨਾਲ ਸ਼ਾਮਲ ਕੀਤੇ ਗਏ ਹਨ।
ਔਸਲਾਨ ਇਸ਼ਾਰਿਆਂ ਦੀ ਭਾਸ਼ਾ ਹੈ ਜਿਸਨੂੰ ਆਸਟ੍ਰੇਲੀਆ ਦੇ ਬਹੁਗਿਣਤੀ ਬੋਲ਼ੇ ਭਾਈਚਾਰੇ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਹ ਵਿਕਟੋਰੀਆ ਦੇ ਮੁੱਢਲੇ ਬਚਪਨ ਦੀਆਂ ਭਾਸ਼ਾਵਾਂ (ਅਰਲੀ ਚਾਈਲਡਹੁੱਡ ਲੈਂਗੂਏਜ਼ਜ਼) ਦੇ ਪ੍ਰੋਗਰਾਮ ਦਾ ਵੀ ਹਿੱਸਾ ਹੈ ਜੋ ਕੁੱਝ ਕੁ ਚਾਰ-ਸਾਲ-ਦੇ-ਉਮਰ ਵਾਲੇ ਕਿੰਡਰਗਾਰਟਨਾਂ ਵਿੱਚ ਉਪਲਬਧ ਹਨ।
ਸਿੱਖਿਆ ਮਾਹਰਾਂ ਨੇ ਇਹ ਲੱਭਿਆ ਹੈ ਕਿ ਛੋਟੀ ਉਮਰ ਵਿੱਚ ਹੀ ਕਿਸੇ ਹੋਰ ਭਾਸ਼ਾ ਵਿੱਚ ਸਿੱਖਣ ਵਾਲੇ ਬੱਚਿਆਂ ਲਈ ਬਹੁਤ ਸਾਰੇ ਲਾਭ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਦੇ ਹੁਨਰਾਂ ਵਿੱਚ ਵਾਧਾ ਹੋਇਆ ਹੈ
- ਬੌਧਿਕ ਲਚਕਤਾ
- ਸਵੈ-ਮਾਣ ਅਤੇ ਭਲਾਈ ਨੂੰ ਹੁਲਾਰਾ ਦੇਣਾ
- ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨਾ।
ਕਿਤਾਬ ਪੜ੍ਹਨ ਵਾਲੇ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ ਜਿਸ ਵਿੱਚ ਔਸਲਾਨ ਅਤੇ ਸੁਰਖੀਆਂ ਸ਼ਾਮਲ ਹਨ।
ਕੀ ਤੁਸੀਂ ਜਾਣਦੇ ਹੋ? ਵਿਕਟੋਰੀਅਨ ਸਰਕਾਰ ਭਾਗ ਲੈਣ ਵਾਲੇ ਕਿੰਡਰਾਂ ਨੂੰ ਮਾਪਿਆਂ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ ਚਾਰ-ਸਾਲ ਦੇ ਕਿੰਡਰ ਪ੍ਰੋਗਰਾਮ ਦਾ ਹਿੱਸਾ ਕਿਸੇ ਹੋਰ ਭਾਸ਼ਾ ਵਿੱਚ ਪ੍ਰਦਾਨ ਕਰਨ ਲਈ ਇੱਕ ਯੋਗਤਾ ਪ੍ਰਾਪਤ ਭਾਸ਼ਾ ਅਧਿਆਪਕ ਨੂੰ ਨਿਯੁਕਤ ਕਰਨ ਲਈ ਵਧੀਕ ਫ਼ੰਡ ਪ੍ਰਦਾਨ ਕਰਦੀ ਹੈ। ਇੱਥੇ ਹੋਰ ਜਾਣੋ: vic.gov.au/early-childhood-language-program.
ਭਲਾਈ ਅਤੇ ਵਧੀਕ ਸਹਾਇਤਾ
ਸਾਰੇ ਬੱਚੇ ਵੱਖ-ਵੱਖ ਤਰੀਕੇ ਨਾਲ ਅਤੇ ਆਪਣੀ ਖੁਦ ਦੀ ਚਾਲ ਨਾਲ ਸਿੱਖਦੇ ਹਨ। ਕਿੰਡਰ ਕਿੱਟ ਤੁਹਾਡੇ ਬੱਚੇ ਨੂੰ ਉਹਨਾਂ ਕਿਤਾਬਾਂ ਅਤੇ ਖਿਡੌਣਿਆਂ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਨੂੰ ਸਾਰੀਆਂ ਯੋਗਤਾਵਾਂ ਨੂੰ ਚੁਣੌਤੀ ਦੇਣ ਲਈ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕੁੱਝ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਇੱਥੇ ਮੱਦਦ ਤੱਕ ਪਹੁੰਚਣ ਦੇ ਕਈ ਤਰੀਕੇ ਹਨ:
- ਵਿਕਟੋਰੀਆ ਦੇ ਕਿੰਡਰਗਾਰਟਨ ਅਧਿਆਪਕਾਂ ਕੋਲ ਮੱਦਦ ਕਰਨ ਲਈ ਹੁਨਰ ਅਤੇ ਗਿਆਨ ਹੈ। ਆਪਣੇ ਸਵਾਲਾਂ ਬਾਰੇ ਆਪਣੇ ਬੱਚੇ ਦੇ ਅਧਿਆਪਕ ਨਾਲ ਗੱਲ ਕਰੋ
- ਆਪਣੇ ਸਵਾਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਆਪਣੇ ਡਾਕਟਰ ਜਾਂ ਜੱਚਾ-ਬੱਚਾ ਸਿਹਤ ਨਰਸ ਨੂੰ ਮਿਲਣ ਲਈ ਸਮਾਂ ਤਹਿ ਕਰੋ
- ਮੁਫ਼ਤ, ਗੁਪਤ ਸਲਾਹ-ਮਸ਼ਵਰੇ ਅਤੇ ਸਹਾਇਤਾ ਲਈ ਪੇਰੈਂਟਲਾਈਨ ਨੂੰ 13 22 89 'ਤੇ ਫ਼ੋਨ ਕਰੋ
ਕੀ ਤੁਹਾਨੂੰ ਸਹਾਇਤਾ ਦੀ ਲੋੜ ਹੈ? ਤੁਹਾਡੇ ਬੱਚੇ ਲਈ ਕਿਸ ਕਿਸਮ ਦੀਆਂ ਸਹਾਇਤਾਵਾਂ ਉਪਲਬਧ ਹੋ ਸਕਦੀਆਂ ਹਨ, ਇਸ ਬਾਰੇ ਵਧੇਰੇ ਜਾਨਣ ਲਈ ਇੱਥੇ ਜਾਓ: www.vic.gov.au/kindergarten-programs-and-initiatives ਤੁਸੀਂ ਆਪਣੇ ਬੱਚੇ ਲਈ ਢੁੱਕਵੀਂ ਸਹਾਇਤਾ ਬਾਰੇ ਵਧੀਕ ਮਾਰਗਦਰਸ਼ਨ ਕਰਨ ਲਈ ਆਪਣੇ ਕਿੰਡਰ ਅਧਿਆਪਕ ਨੂੰ ਵੀ ਕਹਿ ਸਕਦੇ ਹੋ।
ਪਛਾਣ ਦਾ ਆਦਰ ਕਰਨਾ
ਕੂਰੀ ਸੱਭਿਆਚਾਰ ਆਸਟ੍ਰੇਲੀਆਈ ਇਤਿਹਾਸ ਦਾ ਇੱਕ ਅਹਿਮ ਹਿੱਸਾ ਹਨ। ਸਾਰੇ ਬੱਚਿਆਂ ਨੂੰ ਸਾਰੇ ਸੱਭਿਆਚਾਰਾਂ ਬਾਰੇ ਸਿੱਖਣ ਲਈ ਉਤਸ਼ਾਹਿਤ ਕਰ ਰਹੇ ਹਾਂ ਜੋ ਸਮਝ, ਸਵੀਕ੍ਰਿਤੀ ਅਤੇ ਮਾਣ ਨੂੰ ਵਧਾਉਂਦਾ ਹੈ। ਅੱਜ ਐਬੋਰਿਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰ ਜੀਉਂ ਰਹੇ ਅਤੇ ਵੱਧ-ਫੁੱਲ ਰਹੇ ਹਨ, ਅਤੇ ਅਸੀਂ ਉਹਨਾਂ ਨੂੰ ਕਿੱਟਾਂ ਵਿੱਚ ਲੇਖਕਾਂ ਅਤੇ ਕਲਾਕਾਰਾਂ ਵਜੋਂ ਉਤਸ਼ਾਹਿਤ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਇੱਥੇ ਕੁੱਝ ਗਤੀਵਿਧੀਆਂ ਹਨ ਜੋ ਤੁਹਾਡੇ ਬੱਚੇ ਨੂੰ ਕੂਰੀ ਪਰੰਪਰਾਵਾਂ ਅਤੇ ਸੱਭਿਆਚਾਰਾਂ ਬਾਰੇ ਹੋਰ ਜਾਣਨ ਵਿੱਚ ਮੱਦਦ ਕਰਦੀਆਂ ਹਨ।
- ਵਸਤੂਆਂ ਜਾਂ ਜਾਨਵਰਾਂ ਦੇ ਕੂਰੀ ਚਿੰਨ੍ਹ ਸਿੱਖੋ
- ਕੂਰੀ ਨੇਤਾਵਾਂ, ਖੇਡ ਨਾਇਕਾਂ ਜਾਂ ਕਲਾਕਾਰਾਂ ਬਾਰੇ ਗੱਲ ਕਰੋ
- ਕੂਰੀ ਸੱਭਿਆਚਾਰਾਂ ਅਤੇ ਲੋਕਾਂ ਬਾਰੇ ਹੋਰ ਜਾਣੋ
ਕੀ ਤੁਸੀਂ ਜਾਣਦੇ ਹੋ? ਵਿਕਟੋਰੀਅਨ ਐਬੋਰਿਜ਼ਨਲ ਐਜੂਕੇਸ਼ਨ ਐਸੋਸੀਏਸ਼ਨ ਇੰਕ. ਦੀ ਵੈੱਬਸਾਈਟ ਵਿੱਚ ਮਜ਼ੇਦਾਰ, ਰੁਝੇਵੇਂ ਵਾਲੀਆਂ ਗਤੀਵਿਧੀਆਂ ਹਨ ਜੋ ਕੂਰੀ ਪਰੰਪਰਾਵਾਂ ਅਤੇ ਸੱਭਿਆਚਾਰਾਂ ਦੀ ਪੜਚੋਲ ਕਰਦੀਆਂ ਹਨ। ਇੱਥੇ ਵੈੱਬਸਾਈਟ 'ਤੇ ਜਾਓ: vaeai.org.au.
ਐਬੋਰਿਜ਼ਨਲ ਕਲਾਕਾਰੀ
ਗੁੰਡਿਤਜਮਾਰਾ ਮਿਰਿੰਗ (ਦੇਸ਼) ਵਿੱਚ ਰਾਤ ਦਾ ਸਮਾਂ ਹੈ। ਚੰਨ ਅਤੇ ਅਨੇਕ ਤਾਰੇ ਅਸਮਾਨ ਵਿੱਚ ਚਮਕ ਰਹੇ ਹਨ।
ਕਰੈਰਨ (ਕੰਗਾਰੂ) ਟਰੈਕ ਮਿਰਿੰਗ ਵਿੱਚ ਖਿੰਡੇ ਹੋਏ ਹਨ। ਕਈ ਵਾਰ ਤੁਸੀਂ ਕਰੈਰਨ ਨੂੰ ਕੁੱਦਦੇ ਹੋਏ ਜਾਂ ਘਾਹ ਖਾਂਦੇ ਹੋਏ ਦੇਖ ਸਕਦੇ ਹੋ।
ਵੇਂਗਕੀਲ (ਕੋਆਲਾ) ਜਾਗ ਰਿਹਾ ਹੈ ਅਤੇ ਨਦੀ ਦੇ ਲਾਲ ਗੱਮ ਦੇ ਰੁੱਖ ਦੀ ਇੱਕ ਟਾਹਣੀ ਨੂੰ ਫੜ੍ਹ ਕੇ ਬੈਠਾ ਹੋਇਆ ਹੈ। ਇਸ ਰੁੱਖ ਦੀ ਵਰਤੋਂ ਢਾਲ, ਕੈਨੋ (ਇੱਕ ਪ੍ਰਕਾਰ ਦੀ ਕਿਸ਼ਤੀ) ਅਤੇ ਕੂਲੇਮਨ (ਆਦਿਵਾਸੀ ਬਰਤਨ) ਵਰਗੀਆਂ ਵਸਤੂਆਂ ਬਣਾਉਣ ਲਈ ਕੀਤੀ ਜਾਂਦੀ ਸੀ।
ਜ਼ਮੀਨ, ਅਸਮਾਨ, ਪਾਣੀ ਅਤੇ ਜਾਨਵਰ ਮਹੱਤਵਪੂਰਨ ਹਨ। ਉਹਨਾਂ ਦਾ ਆਦਰ ਕਰਨਾ ਯਾਦ ਰੱਖੋ।
ਨਾਕੀਆ ਕੈਡ ਇੱਕ ਗੁੰਡਿਤਜਮਾਰਾ, ਯੋਰਟਾ ਯੋਰਟਾ, ਡਜਾ ਦਜਾ ਵੁਰੰਗ, ਬੁਨਿਤਜ, ਬੂਨ ਵੁਰੰਗ ਅਤੇ ਟੰਗੁਰੰਗ ਔਰਤ ਹੈ। ਨਾਕੀਆ ਇੱਕ ਮਾਂ, ਕਲਾਕਾਰ ਅਤੇ 'ਮੋਰ ਦੈਨ ਲਾਈਨਜ਼' ਨਾਮਕ ਛੋਟੇ ਕਾਰੋਬਾਰ ਦੀ ਮਾਲਕ ਹੈ ਅਤੇ ਕਲਾ ਰਾਹੀਂ ਕਹਾਣੀਆਂ ਸਿਰਜਣ ਅਤੇ ਸਾਂਝੀਆਂ ਕਰਨ ਦਾ ਜਾਨੂੰਨ ਰੱਖਦੀ ਹੈ।
ਪੁੱਛੋ: ਜਿਸ ਜ਼ਮੀਨ 'ਤੇ ਤੁਸੀਂ ਰਹਿੰਦੇ, ਸਿੱਖਦੇ ਅਤੇ ਖੇਡਦੇ ਹੋ, ਉਸ ਦੇ ਰਵਾਇਤੀ ਮਾਲਕ ਕੌਣ ਹਨ? ਜਦੋਂ ਤੁਸੀਂ ਬਾਹਰ ਹੁੰਦੇ ਹੋ, ਤੁਸੀਂ ਕੀ ਦੇਖਦੇ, ਸੁੰਘਦੇ ਅਤੇ ਸੁਣਦੇ ਹੋ?
Updated